ਅਮਰੀਕਾ : ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਆਪਣੀ ਟੀਮ ਦੇ ਮੈਂਬਰਾਂ ਨੂੰ ਅਹਿਮ ਜਿੰਮੇਵਾਰੀਆਂ ਸੌਂਪ ਰਹੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਦੇ ਅਹੁਦੇ ਲਈ 27 ਸਾਲਾ ਕੈਰੋਲਿਨ ਲੇਵਿਟ ਨੂੰ ਚੁਣਿਆ। ਕੈਰੋਲਿਨ ਇਸ ਅਹੁਦੇ ‘ਤੇ ਰਹਿਣ ਵਾਲੀ ਸਭ ਤੋਂ ਛੋਟੀ ਉਮਰ ਦੀ ਸਕੱਤਰ ਹੋਵੇਗੀ।
ਇਸ ਤੋਂ ਪਹਿਲਾਂ 1969 ਵਿੱਚ ਰਾਸ਼ਟਰਪਤੀ ਰਿਚਰਡ ਨਿਕਸਨ ਨੇ 29 ਸਾਲਾ ਰੋਨਾਲਡ ਜ਼ੀਗਲਰ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਸੀ। ਕੈਰੋਲਿਨ ਹਾਲ ਹੀ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਮੁਹਿੰਮ ਦੀ ਨੈਸ਼ਨਲ ਪ੍ਰੈਸ ਸਕੱਤਰ ਵੀ ਸੀ। ਇਸ ਤੋਂ ਇਲਾਵਾ ਉਹ ਟਰੰਪ ਦੇ ਪਿਛਲੇ ਕਾਰਜਕਾਲ (2017-21) ਦੌਰਾਨ ਸਹਾਇਕ ਪ੍ਰੈੱਸ ਸਕੱਤਰ ਦਾ ਅਹੁਦਾ ਵੀ ਸੰਭਾਲ ਚੁਕੀ ਹੈ।
ਕੈਰੋਲਿਨ ਦੇ ਨਾਂ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ- ਕੈਰੋਲਿਨ ਲੇਵਿਟ ਨੇ ਮੇਰੀ ਇਤਿਹਾਸਕ ਚੋਣ ਮੁਹਿੰਮ ‘ਚ ਬਹੁਤ ਵਧੀਆ ਕੰਮ ਕੀਤਾ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਹ ਮੇਰੇ ਨਾਲ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਵਜੋਂ ਸੇਵਾ ਕਰੇਗੀ। ਕੈਰੋਲੀਨ ਇੱਕ ਚੁਸਤ ਅਤੇ ਪ੍ਰਭਾਵਸ਼ਾਲੀ ਸੰਚਾਰਕ ਸਾਬਤ ਹੋਈ ਹੈ। ਮੈਨੂੰ ਭਰੋਸਾ ਹੈ ਕਿ ਉਹ ਸਾਡੇ ਸੰਦੇਸ਼ ਨੂੰ ਅਮਰੀਕੀ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰੇਗੀ ਕਿਉਂਕਿ ਅਸੀਂ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਵਾਂਗੇ।
ਕੈਰੋਲਿਨ ਲੇਵਿਟ ਨਿਊ ਹੈਂਪਸ਼ਾਇਰ, ਅਮਰੀਕਾ ਦੀ ਵਸਨੀਕ ਹੈ। ਉਸਨੇ ਵ੍ਹਾਈਟ ਹਾਊਸ ਵਿੱਚ ਇੰਟਰਨ ਕੀਤਾ ਹੈ। ਟਰੰਪ ਦੀ 2020 ਦੀ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ, ਲੀਵਿਟ ਰਿਪਬਲਿਕਨ ਸਿਆਸਤਦਾਨ ਏਲੀਸ ਸਟੇਫਨਿਕ ਲਈ ਸੰਚਾਰ ਨਿਰਦੇਸ਼ਕ ਬਣ ਗਈ ਸੀ। ਐਲਿਸ ਨੂੰ ਹੁਣ ਟਰੰਪ ਦੁਆਰਾ ਸੰਯੁਕਤ ਰਾਸ਼ਟਰ ਵਿੱਚ ਉਸਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ।