ਨਵੀਂ ਦਿੱਲੀ: ਪਿੱਛਲੇ ਸਾਲਾਂ ਵਾਂਗ ਇਸ ਸਾਲ ਵੀ ਦਿੱਲੀ ਵਿਚ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ। ਦਿੱਲੀ ‘ਚ ਵੀਰਵਾਰ ਨੂੰ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਪਹੁੰਚ ਗਿਆ। ਇੱਥੇ 39 ਪ੍ਰਦੂਸ਼ਣ ਨਿਗਰਾਨੀ ਸਟੇਸ਼ਨਾਂ ਵਿੱਚੋਂ, 32 ਨੇ ਏਅਰ ਕੁਆਲਿਟੀ ਇੰਡੈਕਸ (AQI) ਨੂੰ ਗੰਭੀਰ ਘੋਸ਼ਿਤ ਕੀਤਾ ਹੈ। ਇਸ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੈ।
ਦਿੱਲੀ ‘ਚ ਸਾਰੇ ਪ੍ਰਾਇਮਰੀ (5ਵੀਂ ਜਮਾਤ ਤੱਕ) ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਬੱਚੇ ਆਨਲਾਈਨ ਕਲਾਸਾਂ ਵਿੱਚ ਪੜ੍ਹਣਗੇ। ਏਅਰ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ NCR ਯਾਨੀ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਆਉਣ ਵਾਲੀਆਂ ਬੱਸਾਂ ਨੂੰ ਦਿੱਲੀ ਆਉਣ ‘ਤੇ ਰੋਕ ਲਗਾ ਦਿੱਤੀ ਹੈ। ਸੀਐਨਜੀ ਅਤੇ ਇਲੈਕਟ੍ਰਿਕ ਵਾਹਨਾਂ ਦੇ ਨਾਲ ਬੀਐਸ-4 ਡੀਜ਼ਲ ਬੱਸਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪ੍ਰਦੂਸ਼ਣ ਦੇ ਪੱਧਰ ਨੂੰ 4 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਹਰ ਪੱਧਰ ਲਈ ਸਕੇਲ ਅਤੇ ਮਾਪ ਨਿਸ਼ਚਿਤ ਕੀਤੇ ਗਏ ਹਨ। ਇਸ ਨੂੰ ਗਰੇਡਡ ਐਕਸ਼ਨ ਪਲਾਨ ਯਾਨੀ ਜੀਆਰਏਪੀ ਕਿਹਾ ਜਾਂਦਾ ਹੈ। ਇਸ ਦੀਆਂ 4 ਸ਼੍ਰੇਣੀਆਂ ਦੇ ਤਹਿਤ, ਸਰਕਾਰ ਪ੍ਰਦੂਸ਼ਣ ਨੂੰ ਘਟਾਉਣ ਲਈ ਪਾਬੰਦੀਆਂ ਲਾਉਂਦੀ ਹੈ ਅਤੇ ਉਪਾਅ ਜਾਰੀ ਕਰਦੀ ਹੈ।
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਵੀਰਵਾਰ ਸਵੇਰੇ ਹੀ ਕਿਹਾ ਸੀ, ‘GRAP-3 ਪਾਬੰਦੀਆਂ ਲਾਗੂ ਨਹੀਂ ਕੀਤੀਆਂ ਜਾਣਗੀਆਂ।’ ਇਸ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਆਤਿਸ਼ੀ ਸਰਕਾਰ ਦੀ ਨਾਕਾਮੀ ਕਾਰਨ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਨਾਲੋਂ ਪ੍ਰਦੂਸ਼ਣ ਦੀ ਸਥਿਤੀ ਬਦਤਰ ਹੋ ਗਈ ਹੈ। ਇੱਥੋਂ ਤੱਕ ਕਿ ਰਾਜਪਥ ਵਰਗੇ ਖੇਤਰਾਂ ਵਿੱਚ, AQI 450 ਤੋਂ ਵੱਧ ਹੈ। ਉਨ੍ਹਾਂ ਕਿਹਾ ਦਿੱਲੀ ਦੇ ਲੋਕ ਚਾਹੁੰਦੇ ਹਨ ਕਿ ਗੋਪਾਲ ਰਾਏ ਆਪਣਾ ਅਹੁਦਾ ਛੱਡ ਦੇਵੇ।