ਮੁੰਬਈ : ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਰੇਮੋ ਆਪਣੇ ਖ਼ਿਲਾਫ਼ ਗਾਜ਼ੀਆਬਾਦ ‘ਚ ਚੱਲ ਰਹੇ ਧੋਖਾਧੜੀ ਦੇ ਮਾਮਲੇ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚ ਗਏ ਸੀ। ਜਸਟਿਸ ਸੂਰਿਆ ਕਾਂਤ ਅਤੇ ਉਜਵਲ ਭੂਈਆਂ ਦੀ ਬੈਂਚ ਨੇ ਮਾਮਲੇ ਦੀ ਸ਼ਿਕਾਇਤਕਰਤਾ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਸਰਕਾਰ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਕਰਨਗੇ।
ਦੱਸ ਦਈਏ ਕਿ 2016 ‘ਚ ਦਰਜ ਹੋਏ ਇਸ ਮਾਮਲੇ ‘ਚ ਰੇਮੋ ‘ਤੇ ਗਾਜ਼ੀਆਬਾਦ ਦੇ ਸਤੇਂਦਰ ਤਿਆਗੀ ਤੋਂ ਫਿਲਮ ‘ਅਮਰ ਮਸਟ ਡਾਈ’ ਬਣਾਉਣ ਲਈ 5 ਕਰੋੜ ਰੁਪਏ ਲੈਣ ਅਤੇ ਵਾਅਦੇ ਮੁਤਾਬਕ ਦੁੱਗਣੀ ਰਕਮ ਵਾਪਸ ਨਾ ਕਰਨ ਦਾ ਦੋਸ਼ ਹੈ। ਤਿਆਗੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2013 ਵਿੱਚ ਰੇਮੋ ਨੂੰ ਪੈਸੇ ਦਿੱਤੇ ਸਨ ਪਰ ਇਹ ਫ਼ਿਲਮ ਕਦੇ ਨਹੀਂ ਬਣੀ। ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਪੂਰੀ ਕਰ ਲਈ ਹੈ ਅਤੇ ਰੇਮੋ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਜਦੋਂ ਕਿ ਇਲਾਹਾਬਾਦ ਹਾਈ ਕੋਰਟ ਪਹਿਲਾਂ ਹੀ ਇਸ ਕੇਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਚੁੱਕੀ ਹੈ।
ਅੱਜ ਹੋਈ ਸੰਖੇਪ ਸੁਣਵਾਈ ਵਿੱਚ ਜੱਜਾਂ ਨੇ ਰੇਮੋ ਦੇ ਵਕੀਲ ਨੂੰ ਪੁੱਛਿਆ ਕਿ ਉਹ 2024 ਵਿੱਚ ਅਦਾਲਤ ਵੱਲੋਂ 2020 ਵਿੱਚ ਜਾਰੀ ਕੀਤੇ ਸੰਮਨ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਕਿਉਂ ਆਏ ਹਨ? ਵਕੀਲ ਨੇ ਦੱਸਿਆ ਕਿ ਉਨ੍ਹਾਂ ਦੀ ਰਿਵੀਜ਼ਨ ਪਟੀਸ਼ਨ ਹਾਈ ਕੋਰਟ ਵਿੱਚ ਪੈਂਡਿੰਗ ਹੈ। ਇਸ ‘ਤੇ ਬੈਂਚ ਨੇ ਕਿਹਾ ਕਿ ਉਨ੍ਹਾਂ ਦੀ ਤਰਫ ਤੋਂ ਪਟੀਸ਼ਨਰ ਨੇ ਸੰਮਨ ਨੂੰ ਚੁਣੌਤੀ ਦੇਣ ‘ਚ ਦੇਰੀ ਨਹੀਂ ਕੀਤੀ। ਇਸ ਲਈ ਅਸੀਂ ਮਾਮਲੇ ਵਿੱਚ ਸ਼ਾਮਲ ਧਿਰਾਂ ਨੂੰ ਨੋਟਿਸ ਜਾਰੀ ਕਰ ਰਹੇ ਹਾਂ।
ਰੇਮੋ ਡਿਸੂਜ਼ਾ ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਹਨ। ਉਨ੍ਹਾਂ ਨੇ ਫਾਲਤੂ, ਏ.ਬੀ.ਸੀ.ਡੀ ਅਤੇ ਰੇਸ 3 ਵਰਗੀਆਂ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ। ਇੰਨਾ ਹੀ ਨਹੀਂ ਰੇਮੋ ਛੋਟੇ ਪਰਦੇ ‘ਤੇ ਕਈ ਡਾਂਸ ਸ਼ੋਅਜ਼ ‘ਚ ਜੱਜ ਵਜੋਂ ਵੀ ਨਜ਼ਰ ਆ ਚੁੱਕੇ ਹਨ। ਉਹ ਡਾਂਸ ਇੰਡੀਆ ਡਾਂਸ, ਝਲਕ ਦਿਖਲਾ ਜਾ, ਡਾਂਸ ਕੇ ਸੁਪਰਸਟਾਰ, ਡਾਂਸ ਪਲੱਸ ਅਤੇ ਡੀ.ਆਈ.ਡੀ ਲਿਟਲ ਮਾਸਟਰ ਵਰਗੇ ਸ਼ੋਅਜ਼ ਦੇ ਜੱਜ ਰਹਿ ਚੁੱਕੇ ਹਨ।
ਫਿਲਹਾਲ ਰੇਮੋ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਬੀ ਹੈਪੀ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ OTT ਪਲੇਟਫਾਰਮ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕੀਤੀ ਜਾਵੇਗੀ। ਫਿਲਮ ‘ਚ ਅਭਿਸ਼ੇਕ ਬੱਚਨ ਅਤੇ ਇਨਾਇਤ ਵਰਮਾ ਮੁੱਖ ਭੂਮਿਕਾਵਾਂ ‘ਚ ਹਨ।