ਹਿਸਾਰ: ਧੁੰਦ ਦੇ ਨਾਲ-ਨਾਲ ਹਰਿਆਣਾ ‘ਚ ਸੜਕ ਹਾਦਸੇ ਵੀ ਵਧਣ ਲੱਗੇ ਹਨ। ਤਾਜ਼ਾ ਮਾਮਲਾ ਹਿਸਾਰ ਦੇ ਨਾਰਨੌਂਦ ਤੋਂ ਸਾਹਮਣੇ ਆਇਆ ਹੈ ਜਿੱਥੇ ਅੱਜ ਸੰਘਣੀ ਧੁੰਦ ਕਾਰਨ ਵੱਡਾ ਸੜਕ ਹਾਦਸਾ (A Major Road Accident) ਵਾਪਰ ਗਿਆ। ਜੀਂਦ-ਹਾਂਸੀ ਰੋਡ ‘ਤੇ ਮਾਜਰਾ ਪਿਆਉ ਆਈ.ਟੀ.ਆਈ. ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਝੋਨੇ ਦੀਆਂ ਬੋਰੀਆਂ ਨਾਲ ਭਰੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 20 ਤੋਂ 25 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਡਾਇਲ 112 ਅਤੇ ਨਾਰਨੌਂਦ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਨਾਰਨੌਂਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਹੋਰ ਜ਼ਖਮੀਆਂ ਨੂੰ ਹਾਂਸੀ ਅਤੇ ਹਿਸਾਰ ਦੇ ਵੱਡੇ ਹਸਪਤਾਲਾਂ ‘ਚ ਰੈਫਰ ਕਰ ਦਿੱਤਾ ਗਿਆ।
ਗੰਭੀਰ ਜ਼ਖ਼ਮੀ ਬੱਸ ਅਤੇ ਟਰੱਕ ਡਰਾਈਵਰ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਥਾਣਾ ਇੰਚਾਰਜ ਇੰਸਪੈਕਟਰ ਚੰਦਰਭਾਨ ਨੇ ਦੱਸਿਆ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ, ਜਿਸ ਕਾਰਨ ਸੜਕ ‘ਤੇ ਵਿਜ਼ੀਬਿਲਟੀ ਘੱਟ ਗਈ ਸੀ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ।