ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਕਾਫੀ ਉਤਸਾਹ ਨਾਲ ਭਰੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਸਰਕਾਰ ਚਲਾਉਣ ਲਈ ਆਪਣੀ ਟੀਮ ਬਣਾਉਣ ‘ਚ ਲੱਗੇ ਹੋਏ ਹਨ। ਕੁਝ ਅਹੁਦਿਆਂ ‘ਤੇ ਨਿਯੁਕਤੀਆਂ ਤੋਂ ਬਾਅਦ ਉਨ੍ਹਾਂ ਨੇ ਟੇਸਲਾ ਦੇ ਮੁਖੀ ਐਲੋਨ ਮਸਕ ਅਤੇ ਭਾਰਤੀ ਮੂਲ ਦੇ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ।
ਮਸਕ ਅਤੇ ਰਾਮਾਸਵਾਮੀ ਸਰਕਾਰੀ ਕੁਸ਼ਲਤਾ ਵਿਭਾਗ (DoGE) ਦੀ ਅਗਵਾਈ ਕਰਨਗੇ। DoGE ਇੱਕ ਨਵਾਂ ਵਿਭਾਗ ਹੈ, ਜੋ ਸਰਕਾਰ ਨੂੰ ਬਾਹਰੀ ਸਲਾਹ ਪ੍ਰਦਾਨ ਕਰੇਗਾ। ਡੋਨਾਲਡ ਟਰੰਪ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਇਸਦੇ ਨਾਲ ਹੀ ਟਰੰਪ ਨੇ ਫੌਕਸ ਨਿਊਜ਼ ਦੇ ਹੋਸਟ ਪੀਟ ਹੇਗਸੇਥ ਨੂੰ ਵੀ ਆਪਣੀ ਕੈਬਨਿਟ ਵਿੱਚ ਜਗ੍ਹਾ ਦਿੱਤੀ ਹੈ। ਵਾਸ਼ਿੰਗਟਨ ਪੋਸਟ ਮੁਤਾਬਕ ਉਨ੍ਹਾਂ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਟਰੰਪ ਨੇ ਡੀਓਜੀਈ ਵਿਭਾਗ ਦੇ ਸਬੰਧ ਵਿੱਚ ਬਿਆਨ ਵਿੱਚ ਕਿਹਾ ਕਿ ਨਵੀਂ ਪ੍ਰਣਾਲੀ ਸਰਕਾਰੀ ਪੈਸੇ ਦੀ ਬਰਬਾਦੀ ਕਰਨ ਵਾਲੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰੇਗੀ।
ਰਿਪਬਲਿਕਨ ਨੇਤਾਵਾਂ ਨੇ ਲੰਬੇ ਸਮੇਂ ਤੋਂ DoGE ਨੂੰ ਪੂਰਾ ਕਰਨ ਦਾ ਸੁਪਨਾ ਦੇਖਿਆ ਹੈ। ਇਹ ਸਾਡੇ ਸਮਿਆਂ ਦਾ ਮੈਨਹਟਨ ਪ੍ਰੋਜੈਕਟ ਬਣ ਸਕਦਾ ਹੈ। ਮੈਨਹਟਨ ਪ੍ਰੋਜੈਕਟ ਅਸਲ ਵਿੱਚ ਅਮਰੀਕੀ ਸਰਕਾਰ ਦਾ ਇੱਕ ਪ੍ਰੋਜੈਕਟ ਸੀ, ਜਿਸਦਾ ਮਕਸਦ ਜਰਮਨੀ ਦੀ ਨਾਜ਼ੀ ਫੌਜ ਤੋਂ ਪਹਿਲਾਂ ਬ੍ਰਿਟੇਨ ਅਤੇ ਕੈਨੇਡਾ ਦੇ ਸਹਿਯੋਗ ਨਾਲ ਇੱਕ ਪ੍ਰਮਾਣੂ ਬੰਬ ਤਿਆਰ ਕਰਨਾ ਸੀ। ਟਰੰਪ ਨੇ ਇਹ ਵੀ ਕਿਹਾ ਕਿ ਇਸ DoGE ਦੀ ਜ਼ਿੰਮੇਵਾਰੀ 4 ਜੁਲਾਈ 2026 ਨੂੰ ਖਤਮ ਹੋ ਜਾਵੇਗੀ। ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਮਸਕ ਨੇ ਕਿਹਾ- ਅਸੀਂ ਨਰਮੀ ਨਾਲ ਪੇਸ਼ ਨਹੀਂ ਆਉਣ ਵਾਲੇ ਹਾਂ। ਵਿਵੇਕ ਰਾਮਾਸਵਾਮੀ ਨੇ ਪੋਸਟ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਇਸ ਨੂੰ ਹਲਕੇ ‘ਚ ਨਹੀਂ ਲਵਾਂਗੇ ਅਤੇ ਗੰਭੀਰਤਾ ਨਾਲ ਕੰਮ ਕਰਾਂਗੇ।