ਯਮੁਨਾਨਗਰ : ਯਮੁਨਾਨਗਰ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਸਰਸਵਤੀ ਸ਼ੂਗਰ ਮਿੱਲ (Saraswati Sugar Mill) ‘ਚ ਅੱਜ ਤੋਂ ਗੰਨੇ ਦੀ ਪਿੜਾਈ ਸ਼ੁਰੂ ਕਰ ਦਿੱਤੀ ਗਈ ਹੈ। ਖੰਡ ਮਿੱਲ ਦੇ ਮੁੱਖ ਕਾਰਜਕਾਰੀ ਐਸ.ਕੇ.ਸਚਦੇਵਾ ਨੇ ਇਸ ਮੌਕੇ ਦੱਸਿਆ ਕਿ ਮਿੱਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ, ਤਾਂ ਜੋ ਰੋਜ਼ਾਨਾ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਗੰਨੇ ਦੀ ਪਿੜਾਈ ਕੀਤੀ ਜਾ ਸਕੇ। ਇਸ ਸਾਲ ਮਿੱਲ ਵੱਲੋਂ ਗੰਨੇ ਦੀ ਪਿੜਾਈ ਦਾ ਟੀਚਾ 160 ਲੱਖ ਕੁਇੰਟਲ ਰੱਖਿਆ ਗਿਆ ਹੈ ਜਦਕਿ ਪਿਛਲੇ ਸੀਜ਼ਨ ਦੌਰਾਨ 146 ਲੱਖ ਕੁਇੰਟਲ ਗੰਨੇ ਦੀ ਪਿੜਾਈ ਹੋਈ ਸੀ।
ਐਸ.ਕੇ.ਸਚਦੇਵਾ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਹਰਿਆਣਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਗੰਨੇ ਦਾ ਪ੍ਰਤੀ ਕੁਇੰਟਲ ਭਾਅ 400 ਰੁਪਏ ਦਿੱਤਾ ਜਾਵੇਗਾ, ਜੋ ਕਿ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ, ਹਰਿਆਣਾ ਵਿੱਚ ਯਮੁਨਾਨਗਰ ਦੀ ਸਰਸਵਤੀ ਸ਼ੂਗਰ ਮਿੱਲ ਨੇ ਪਿੜਾਈ ਸੀਜ਼ਨ ਪਹਿਲਾਂ ਸ਼ੁਰੂ ਕੀਤਾ ਹੈ। ਇਸ ਸਾਲ ਮਿੱਲ ਨੇ ਗੰਨਾ ਕਿਸਾਨ ਰਜਿਸਟ੍ਰੇਸ਼ਨ ਸਕੀਮ ਦਾ ਐਲਾਨ ਕੀਤਾ। ਇਸ ਸਕੀਮ ਤਹਿਤ ਜੇਕਰ ਕਿਸਾਨ ਮਿੱਲ ਨੂੰ ਆਪਣੇ ਕੁੱਲ ਗੰਨੇ ਦੇ ਉਤਪਾਦਨ ਦਾ 85 ਫੀਸਦੀ ਜਾਂ ਇਸ ਤੋਂ ਵੱਧ ਸਪਲਾਈ ਕਰਦੇ ਹਨ ਤਾਂ ਸਾਰੀਆਂ ਦਵਾਈਆਂ ‘ਤੇ ਸਬਸਿਡੀ ਦੁੱਗਣੀ ਕਰ ਦਿੱਤੀ ਗਈ ਹੈ। 98 ਫੀਸਦੀ ਕਿਸਾਨਾਂ ਨੇ ਇਸ ਸਕੀਮ ਤਹਿਤ ਰਜਿਸਟਰੇਸ਼ਨ ਕਰਵਾਈ ਹੈ।
ਇਸ ਸਾਲ ਮਿੱਲ ਗੇਟ ਤੋਂ ਇਲਾਵਾ 45 ਕੇਂਦਰਾਂ ‘ਤੇ ਗੰਨੇ ਦੀ ਖਰੀਦ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਜ਼ਦੂਰਾਂ ਦੀ ਸਮੱਸਿਆ ਦੇ ਮੱਦੇਨਜ਼ਰ ਗੰਨਾ ਲੋਡ ਕਰਨ ਲਈ ਗੰਨਾ ਕੇਂਦਰਾਂ ‘ਤੇ 38 ਗੰਨਾ ਲੋਡਰ ਲਗਾਏ ਗਏ ਹਨ ਤਾਂ ਜੋ ਗੰਨੇ ਦੀ ਲੋਡਿੰਗ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ।