Home ਪੰਜਾਬ ਵਿਆਹ ‘ਚ ਲਾੜੀ ਦੇ ਮੱਥੇ ‘ਚ ਗੋਲੀ ਲੱਗਣ ਤੋਂ ਬਾਅਦ ਐੱਸ.ਪੀ ਨੇ...

ਵਿਆਹ ‘ਚ ਲਾੜੀ ਦੇ ਮੱਥੇ ‘ਚ ਗੋਲੀ ਲੱਗਣ ਤੋਂ ਬਾਅਦ ਐੱਸ.ਪੀ ਨੇ ਮੈਰਿਜ ਪੈਲੇਸਾਂ ਦੇ ਮਾਲਕਾਂ ਤੇ ਪ੍ਰਬੰਧਕਾਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ

0

ਖੰਨਾ : ਫਿਰੋਜ਼ਪੁਰ ਦੇ ਇਕ ਪੈਲੇਸ ‘ਚ ਬੀਤੇ ਦਿਨ ਵਿਆਹ ਦੌਰਾਨ ਲਾੜੀ ਦੇ ਮੱਥੇ ‘ਚ ਗੋਲ਼ੀ ਲੱਗ ਗਈ ਸੀ ਤੇ ਹਾਲੇ ਵੀ ਉਸ ਦੀ ਹਾਲਤ ਹਸਪਤਾਲ ‘ਚ ਨਾਜ਼ੁਕ ਬਣੀ ਹੋਈ ਹੈ। ਇਸ ਤੋਂ ਬਾਅਦ ਖੰਨਾ ਦੇ ਸੀਨੀਅਰ ਪੁਲਿਸ ਕਪਤਾਨ ਅਸ਼ਵਿਨੀ ਗੋਟਿਆਲ (Senior Police Captain Ashwini Gotial) ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ.ਪੀ ਖੰਨਾ ਤਰੁਣ ਰਤਨ ਨੇ ਡੀ.ਐੱਸ.ਪੀ. ਹਰਪਿੰਦਰ ਕੌਰ ਗਿੱਲ ਦੇ ਨਾਲ ਵੱਖ-ਵੱਖ ਮੈਰਿਜ ਪੈਲੇਸਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ।

ਇਸ ਵਿਚ ਉਨ੍ਹਾਂ ਮੈਰਿਜ ਪੈਲੇਸ ਅੰਦਰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਮਾਰਤ ਦੇ ਅੰਦਰ ਹਥਿਆਰਾਂ ਦੀ ਵਰਤੋਂ ਦੇ ਵਿਰੋਧ ਵਿਚ ਇਸ਼ਤਿਹਾਰ ਦੇਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਮੈਰਿਜ ਪੈਲੇਸਾਂ ਵਿਚ ਹਥਿਆਰਾਂ ਦੀ ਵਰਤੋਂ ਤੇ ਮਨਾਹੀ ਸਬੰਧੀ ਵੱਡੇ-ਵੱਡੇ ਅੱਖਰਾਂ ਵਿਚ ਲਿਖ ਕੇ ਬੋਰਡ ਲਗਾਏ ਜਾਣ ਲਈ ਕਿਹਾ। ਐੱਸ.ਪੀ. ਤਰੁਣ ਰਤਨ ਨੇ ਕਿਹਾ ਕਿ ਫਿਰ ਵੀ ਜੇਕਰ ਕੋਈ ਵਿਅਕਤੀ ਵਿਆਹ ਸਮਾਗਮ ਮੌਕੇ ਅਸਲਾ ਲੈ ਕੇ ਆਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।

ਖੰਨਾ ਪੁਲਿਸ ਅਨੁਸਾਰ ਐੱਸ.ਪੀ. ਖੰਨਾ ਨੇ ਮੈਰਿਜ ਪੈਲੇਸ ਦੇ ਮਾਲਕਾਂ ਅਤੇ ਪ੍ਰਬੰਧਕਾਂ ਨਾਲ ਵਿਆਹ ਦੇ ਸੀਜ਼ਨ ਦੌਰਾਨ ਇਨ੍ਹਾਂ ਥਾਵਾਂ ’ਤੇ ਹਥਿਆਰਾਂ ਦੀ ਮਨਾਹੀ ਨੂੰ ਲਾਗੂ ਕਰਨ ਲਈ ਕਿਹਾ। ਮੀਟਿੰਗ ਦਾ ਮੁੱਖ ਮੰਤਵ ਮੈਰਿਜ ਪੈਲੇਸਾਂ ਵਿਚ ਹੋ ਰਹੀਆਂ ਅਣਸੁਖਾਵੀਂ ਘਟਨਾਵਾਂ ਨੂੰ ਰੋਕਣਾ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।

ਇਸ ਮੌਕੇ ਮੈਰਿਜ ਪੈਲੇਸਾਂ ਦੇ ਮਾਲਕਾਂ ਤੇ ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ਇਸ ਮੌਕੇ ਪ੍ਰਧਾਨ ਪਵਿੱਤਰ ਸਿੰਘ ਗਿੱਲ, ਜੁਗਰਾਜ ਸਿੰਘ ਔਜਲਾ, ਹਰਦੇਵ ਸਿੰਘ ਬੇਦੀ, ਅਮਰਿੰਦਰ ਸਿੰਘ, ਗੌਤਮ ਅਗਰਵਾਲ, ਵਿਵੇਕ ਕੁਮਾਰ ਆਦਿ ਹਾਜ਼ਰ ਸਨ।

Exit mobile version