ਆਸਟ੍ਰੇਲੀਆ ਦੀ ਸਰਕਾਰ ਨੇ ਵਿਕਟੋਰੀਆ ਦੇ ਬਰਵਿਕ ਸਪ੍ਰਿੰਗਜ਼ ਵਿਚ ਇਕ ਝੀਲ ਦਾ ਨਾਂ ਬਦਲ ਕੇ ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਰੱਖਿਆ ਹੈ। ਬਰਵਿਕ ਸਪ੍ਰਿੰਗਜ਼ ਦੀ ਝੀਲ ਦਾ ਨਾਂ ਬਦਲਣ ਦਾ ਫੈਸਲਾ 15 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਿਆ ਗਿਆ ਹੈ।
ਇਸ ਤੋਂ ਇਲਾਵਾ, ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਇੰਗਰਿਡ ਸਟਿੱਟ ਨੇ ਵਿਕਟੋਰੀਆ ਵਿੱਚ ਲੰਗਰ ਤਿਉਹਾਰ ਦੇ ਪ੍ਰੋਗਰਾਮਾਂ ਲਈ $600,000 ਫੰਡ ਦੇਣ ਦਾ ਐਲਾਨ ਕੀਤਾ ਹੈ।
ਬੀਤੇ ਦਿਨ ਵਿਕਟੋਰੀਆ ਸਰਕਾਰ ਵੱਲੋਂ ਰਸਮੀ ਤੌਰ ‘ਤੇ ਇਕ ਸਮਾਗਮ ਰੱਖਿਆ ਗਿਆ ਜਿਸ ਵਿਚ ਮਲਟੀਕਲਚਰਲ ਮੰਤਰੀ ਇੰਗ੍ਰਿਡ ਸਟੀਟ, ਯੋਜਨਾ ਮੰਤਰੀ ਸੋਨੀਆ ਕਿਲਕੇਨੀ, ਸੰਸਦ ਮੈਂਬਰ, ਵਿਕਟੋਰੀਆ ਮਲਟੀਕਲਚਰਲ ਕਮਿਸ਼ਨ ਦੀ ਸੀ.ਈ.ਓ. ਵਿਵ ਨਗੁਇਨ, ਸਥਾਨਕ ਅਧਿਕਾਰੀ ਅਤੇ ਕਈ ਸਿੱਖ ਸੰਸਥਾਵਾਂ ਦੇ ਮੈਂਬਰ ਸ਼ਾਮਲ ਸਨ। ਇਸ ਮੌਕੇ ਨਵੇਂ ਨਾਂ ਦੇ ਸਮਰਪਣ ਨੂੰ ਰਵਾਇਤੀ ਰਸਮਾਂ ਤੇ ਅਰਦਾਸ ਦੇ ਨਾਲ ਕੀਤਾ ਗਿਆ।