ਤਰਨਤਾਰਨ : ਇੱਕ ਵਪਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਥਾਣਾ ਸਿਟੀ ਤਰਨਤਾਰਨ ਪੁਲਿਸ ਅਤੇ ਸੀ.ਆਈ.ਏ. ਮੁਲਾਜ਼ਮਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਉਕਤ ਬਦਮਾਸ਼ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਕੋਲੋਂ ਇੱਕ 9 ਐਮ.ਐਮ ਗਲੌਕ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ।
ਜਾਣਕਾਰੀ ਅਨੁਸਾਰ ਦੇਰ ਰਾਤ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੋੜੀਂਦਾ ਮੁਲਜ਼ਮ ਯੋਧਬੀਰ ਸਿੰਘ ਉਰਫ਼ ਯੋਧਾ ਵਾਸੀ ਪਿੰਡ ਅਲਾਦੀਨਪੁਰ ਇਲਾਕੇ ਵਿੱਚ ਕੋਈ ਵਾਰਦਾਤ ਕਰਨ ਦੀ ਨੀਅਤ ਨਾਲ ਇਲਾਕੇ ਵਿੱਚ ਘੁੰਮ ਰਿਹਾ ਹੈ। ਇਸੇ ਦੌਰਾਨ ਐਸ.ਐਸ.ਪੀ ਅਭਿਮੰਨਿਊ ਰਾਣਾ ਦੇ ਹੁਕਮਾਂ ’ਤੇ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਲੋੜੀਂਦਾ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਵਾਸੀ ਅਲਾਦੀਨਪੁਰ ਦਾ ਸਾਥੀ ਹੈ ਅਤੇ ਉਸ ਦੇ ਕਹਿਣ ‘ਤੇ ਉਹ ਵੱਖ-ਵੱਖ ਨਾਮੀ ਵਿਅਕਤੀਆਂ ਤੋਂ ਫਿਰੌਤੀ ਮੰਗਣ ਦਾ ਕੰਮ ਕਰਦਾ ਹੈ। ਇਸ ਦੀ ਅਗਲੇਰੀ ਜਾਂਚ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।