ਅਚਲ ਸਾਹਿਬ: ਸ਼੍ਰੀ ਅਚਲੇਸ਼ਵਰ ਧਾਮ (Sri Achaleshwar Dham) ਦੇ ਪਵਿੱਤਰ ਸਰੋਵਰ ‘ਚ ਹਜ਼ਾਰਾਂ ਮੱਛੀਆਂ ਮਰੀਆਂ ਪਾਈਆਂ ਗਈਆਂ। ਝੀਲ ਵਿੱਚ ਮੱਛੀਆਂ ਮਰਨ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਨੌਮੀ-ਦਸ਼ਮੀ ਦੇ ਮੇਲੇ ਦੇ ਪਹਿਲੇ ਦਿਨ ਜਿਵੇਂ ਹੀ ਸੰਗਤ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਨ ਪਹੁੰਚੀ ਤਾਂ ਝੀਲ ‘ਚ ਮਰੀਆਂ ਮੱਛੀਆਂ ਤੈਰਦੀਆਂ ਨਜ਼ਰ ਆਈਆਂ। ਇਸ ਸਬੰਧੀ ਸੰਗਤਾਂ ਵਿੱਚ ਰੋਸ ਦੀ ਲਹਿਰ ਦੌੜ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਦਲਜੀਤ ਸਿੰਘ ਸਹਾਇਕ ਡਿਪਟੀ ਡਾਇਰੈਕਟਰ ਮੱਛੀ ਪਾਲਣ ਵਿਭਾਗ ਗੁਰਦਾਸਪੁਰ, ਤਹਿਸੀਲਦਾਰ ਬਟਾਲਾ ਅਭਿਸ਼ੇਕ ਵਰਮਾ, ਐੱਸ. ਐੱਚ.ਓ. ਰੰਗੜ ਨੰਗਲ ਗਗਨਦੀਪ ਸਿੰਘ ਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਮੌਕੇ ਸ਼੍ਰੀ ਅਚਲੇਸ਼ਵਰ ਧਾਮ ਮੰਦਰ ਟਰੱਸਟ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।
ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਸਰੋਵਰ ਦੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ‘ਚ ਭੇਜ ਦਿੱਤੇ। ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਗੁਰਦਾਸਪੁਰ ਦਲਜੀਤ ਸਿੰਘ ਅਤੇ ਤਹਿਸੀਲਦਾਰ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਕਾਰਨ ਮੱਛੀਆਂ ਮਰ ਗਈਆਂ ਹਨ। ਉਨ੍ਹਾਂ ਦੱਸਿਆ ਕਿ ਝੀਲ ਦਾ ਪਾਣੀ ਬਿਲਕੁਲ ਠੀਕ ਹੈ ਅਤੇ ਸੰਗਤਾਂ ਇਸ਼ਨਾਨ ਕਰ ਸਕਦੀਆਂ ਹਨ।