ਪੰਜਾਬ : ਪੀ.ਆਰ.ਟੀ.ਸੀ ਵੱਲੋਂ ਬੱਸ ਦੀ ਅਗਲੀ ਸੀਟ ’ਤੇ ਬੈਠਣ ਸਬੰਧੀ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਇਸ ਹੁਕਮ ਅਨੁਸਾਰ ਹੁਣ ਪੀ.ਆਰ.ਟੀ.ਸੀ. ਦੇ ਕੰਡਕਟਰ ਡਰਾਈਵਰ ਦੇ ਕੋਲ ਅਗਲੀ ਸੀਟ ‘ਤੇ ਨਹੀਂ ਬੈਠ ਸਕਣਗੇ। ਕੰਡਕਟਰਾਂ ਨੂੰ ਪਿਛਲੇ ਪਾਸੇ ਖਿੜਕੀ ਦੇ ਕੋਲ ਸੀਟਾਂ ‘ਤੇ ਬੈਠਣਾ ਹੋਵੇਗਾ। ਪਾਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਦਫ਼ਤਰ ਨੂੰ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੀ.ਆਰ.ਟੀ.ਸੀ ਕੰਡਕਟਰ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਤਹਿਤ ਨਿਰਧਾਰਤ ਸੀਟਾਂ ’ਤੇ ਨਹੀਂ ਬੈਠਦੇ।
ਬੱਸਾਂ ਵਿੱਚ ਕਈ ਲੋਕ ਇੰਜਣ ਵਾਲੀ ਸੀਟ ਜਾਂ ਡਰਾਈਵਰ ਦੇ ਕੋਲ ਬੈਠੇ ਪਾਏ ਜਾਂਦੇ ਹਨ, ਜਿਸ ਕਾਰਨ ਕੰਡਕਟਰ ਬੱਸਾਂ ਤੋਂ ਉਤਰਨ ਜਾਂ ਚੜ੍ਹਨ ਵੇਲੇ ਧਿਆਨ ਨਹੀਂ ਦਿੰਦੇ। ਇਸ ਕਾਰਨ ਹਾਦਸੇ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਮੁੱਖ ਦਫ਼ਤਰ ਵੱਲੋਂ ਪਹਿਲਾਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਕੰਡਕਟਰਾਂ ਵੱਲੋਂ ਉਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।
ਇਸ ਲਈ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਕੰਡਕਟਰ ਡਿਊਟੀ ਦੌਰਾਨ ਬੱਸ ਦੀ ਪਹਿਲੀ ਸੀਟ ‘ਤੇ ਜਾਂ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠਾ ਪਾਇਆ ਗਿਆ ਤਾਂ ਉਸ ਵਿਰੁੱਧ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।