ਕਰਨਾਲ: ਰੋਹਤਕ ਤੋਂ ਬਾਅਦ ਹੁਣ ਕਰਨਾਲ ਜ਼ਿਲ੍ਹੇ (Karnal District) ਵਿੱਚ ਅੱਜ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਨੇ ਮੁਕਾਬਲੇ ਦੌਰਾਨ ਤਿੰਨ ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਇਹ ਤਿੰਨੋਂ ਬਦਮਾਸ਼ ਕਾਕਾ ਗੈਂਗ ਦੇ ਦੱਸੇ ਜਾਂਦੇ ਹਨ। ਇਹ ਬਦਮਾਸ਼ ਗੋਲੀਆਂ ਚਲਾ ਕੇ ਫਿਰੌਤੀ ਮੰਗਦੇ ਸਨ। ਪੁਲਿਸ ਨੇ ਬਦਮਾਸ਼ਾਂ ਕੋਲੋਂ ਦੋ ਪਿਸਤੌਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਜਾਣਕਾਰੀ ਮੁਤਾਬਕ ਇਹ ਮੁਕਾਬਲਾ ਕੈਮਲਾ-ਗੜ੍ਹੀ ਮੁਲਤਾਨ ਰੋਡ ‘ਤੇ ਹੋਇਆ ਹੈ। ਅੱਜ ਸਵੇਰੇ ਕਰੀਬ 3 ਵਜੇ ਸੀ.ਆਈ.ਏ. ਕੁਰੂਕਸ਼ੇਤਰ ਨੂੰ ਤਿੰਨ ਅਪਰਾਧੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਅਤੇ ਤੁਰੰਤ ਟੀਮ ਨਾਲ ਮੌਕੇ ‘ਤੇ ਪਹੁੰਚ ਗਈ। ਇਸ ਦੌਰਾਨ ਤਿੰਨ ਨੌਜਵਾਨਾਂ ਨੂੰ ਬਾਈਕ ‘ਤੇ ਆਉਂਦੇ ਦੇਖਿਆ ਗਿਆ। ਪੁਲਿਸ ਨੇ ਤਿੰਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਰੁਕਣ ਦੀ ਬਜਾਏ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ।
ਜਦੋਂ ਪੁਲਿਸ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ ਅਤੇ ਬਦਮਾਸ਼ਾਂ ‘ਤੇ ਗੋਲੀਆਂ ਚਲਾਉਣੀਆਂ ਪਈਆਂ। ਇਸ ਦੌਰਾਨ ਦੋ ਬਦਮਾਸ਼ਾਂ ਦੀਆਂ ਲੱਤਾਂ ‘ਚ ਗੋਲੀ ਲੱਗ ਗਈ ਅਤੇ ਬਾਈਕ ਜ਼ਮੀਨ ‘ਤੇ ਡਿੱਗ ਗਈ। ਇਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮੁਕਾਬਲੇ ਦੌਰਾਨ ਹਿਸਾਰ ਦੇ ਰਹਿਣ ਵਾਲੇ ਸੰਦੀਪ ਅਤੇ ਫਰੀਦਾਬਾਦ ਦੇ ਰਹਿਣ ਵਾਲੇ ਇੱਕ ਅਪਰਾਧੀ ਨੂੰ ਗੋਲੀ ਲੱਗੀ ਹੈ। ਤੀਜੇ ਬਦਮਾਸ਼ ਦੀ ਪਛਾਣ ਭਿਵਾਨੀ ਦੇ ਰਹਿਣ ਵਾਲੇ ਰਿ ਤਿਕ ਵਜੋਂ ਹੋਈ ਹੈ।
ਜਾਣੋ ਕੌਣ ਹੈ ਕਾਕਾ ਰਾਣਾ ਗੈਂਗ
ਕਾਕਾ ਰਾਣਾ ਵਿਦੇਸ਼ ਵਿੱਚ ਬੈਠ ਕੇ ਭਾਰਤ ਵਿੱਚ ਆਪਣਾ ਗੈਂਗ ਚਲਾ ਰਿਹਾ ਹੈ। ਉਹ ਵਪਾਰੀਆਂ ਨੂੰ ਫਿਰੌਤੀ ਲਈ ਬੁਲਾ ਲੈਂਦਾ ਹੈ ਅਤੇ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਇਸ ਗਰੋਹ ਦੇ ਕਈ ਸ਼ੂਟਰ ਪਹਿਲਾਂ ਵੀ ਫੜੇ ਜਾ ਚੁੱਕੇ ਹਨ।