ਅੰਮ੍ਰਿਤਸਰ : ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਨੇ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਦੱਸਿਆ ਕਿ ਫੜੇ ਗਏ ਸਮੱਗਲਰਾਂ ਦੀ ਪਛਾਣ ਆਦਿਤਿਆ ਕਪੂਰ ਉਰਫ ਮੱਖਣ ਅਤੇ ਰਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਗਲਾਕ ਪਿਸਤੌਲ, ਪੰਜ ਮੈਗਜ਼ੀਨ ਅਤੇ 14 ਰੌਂਦ ਸਮੇਤ ਚਾਰ ਹਥਿਆਰ ਬਰਾਮਦ ਕੀਤੇ ਹਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਆਦਿਤਿਆ ਕਪੂਰ ਖ਼ਿਲਾਫ਼ 12 ਅਪਰਾਧਿਕ ਮਾਮਲੇ ਦਰਜ ਹਨ। ਉਹ ਅਮਰੀਕੀ ਅਪਰਾਧੀ ਬਲਵਿੰਦਰ ਉਰਫ ਡੌਨੀ ਬੱਲ ਅਤੇ ਪ੍ਰਭਦੀਪ ਉਰਫ ਪ੍ਰਭ ਦਾਸੂਵਾਲ ਅਤੇ ਪੁਰਤਗਾਲੀ ਅਪਰਾਧੀ ਮਨਪ੍ਰੀਤ ਉਰਫ ਮੰਨੂ ਘਨਸ਼ਾਮਪੁਰੀਆ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਇਹ ਅਪਰਾਧੀ ਗਿਰੋਹ ਜੱਗੂ ਭਗਵਾਨਪੁਰੀਆ ਸੰਗਠਿਤ ਅਪਰਾਧ ਗਿਰੋਹ ਦੇ ਵਿਰੋਧੀ ਹਨ।
ਡੀ.ਜੀ.ਪੀ ਯਾਦਵ ਨੇ ਦੱਸਿਆ ਕਿ ਥਾਣਾ ਐਸ.ਐਸ.ਓ.ਸੀ, ਅੰਮ੍ਰਿਤਸਰ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ ਵੱਲੋਂ ਪਹਿਲਾਂ ਕੀਤੀਆਂ ਗਈਆਂ ਸਮੱਗਲਿੰਗ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।