ਪੰਜਾਬ : ਆਧਾਰ ਕਾਰਡ ਬਣਾਉਣ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੋਹਾਲੀ ਜ਼ਿਲ੍ਹੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਆਧਾਰ ਅੱਪਡੇਟ ਅਤੇ ਨਵੀਂ ਐਨਰੋਲਮੈਂਟ ਸੇਵਾਵਾਂ ਪ੍ਰਦਾਨ ਕਰਨ ਲਈ ਮੋਹਾਲੀ ਪ੍ਰਸ਼ਾਸਨ ਵੱਲੋਂ ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਅਤੇ ਸੇਵਾ ਕੇਂਦਰ ਤਹਿਸੀਲ ਕੰਪਲੈਕਸ ਡੇਰਾਬੱਸੀ ਵਿਖੇ ਹੋਰਨਾਂ ਦਿਨਾਂ ਦੇ ਨਾਲ-ਨਾਲ ਐਤਵਾਰ ਨੂੰ ਵੀ ਸੇਵਾਵਾਂ ਦਿੱਤੀਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਆਸ਼ਿਕਾ ਜੈਨ ਨੇ ਦੱਸਿਆ ਕਿ ਆਮ ਤੌਰ ’ਤੇ ਜ਼ਿਲ੍ਹੇ ਵਿੱਚ ਚੱਲ ਰਹੇ ਸਾਰੇ 15 ਸੇਵਾ ਕੇਂਦਰਾਂ ਵਿੱਚ ਸੋਮਵਾਰ ਤੋਂ ਸ਼ਨੀਵਾਰ ਤੱਕ ਆਧਾਰ ਕਾਰਡ ਸਬੰਧੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਪਰ ਮੋਹਾਲੀ ਅਤੇ ਡੇਰਾਬਸੀ ਸਥਿਤ ਇਨ੍ਹਾਂ ਦੋ ਸੇਵਾ ਕੇਂਦਰਾਂ ’ਤੇ ਐਤਵਾਰ ਨੂੰ ਵੀ ਆਧਾਰ ਕਾਰਡ ਸਬੰਧੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਹਫਤੇ ਦੀ ਆਖਰੀ ਛੁੱਟੀ ਵਾਲੇ ਦਿਨ ਖਰੜ ਸੇਵਾ ਕੇਂਦਰ ਵਿਖੇ ਵੀ ਆਧਾਰ ਸੇਵਾ ਸ਼ੁਰੂ ਕੀਤੀ ਜਾਵੇਗੀ।