ਹਾਥਰਸ : ਹਾਥਰਸ ਜ਼ਿਲ੍ਹੇ ਦੇ ਸਾਦਾਬਾਦ ਕੋਤਵਾਲੀ ਖੇਤਰ ‘ਚ ਯਮੁਨਾ ਐਕਸਪ੍ਰੈੱਸ ਵੇਅ (The Yamuna Expressway) ‘ਤੇ ਪਿੰਡ ਮਿਧਾਵਲੀ ਨੇੜੇ ਬੀਤੇ ਦਿਨ ਇਕ ਨਿੱਜੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਬੱਸ ਦਿੱਲੀ ਦੇ ਵਜ਼ੀਰਾਬਾਦ ਤੋਂ ਬਿਹਾਰ ਜਾ ਰਹੀ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸਾਦਾਬਾਦ ਪੁਲਿਸ ਰੇਂਜ ਅਧਿਕਾਰੀ (ਸੀ.ਓ) ਹਿਮਾਂਸ਼ੂ ਮਾਥੁਰ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਕਿਸੇ ਵੀ ਯਾਤਰੀ ਨੂੰ ਸੱਟ ਨਹੀਂ ਲੱਗੀ ਹੈ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਬੱਸ ਵਿੱਚ ਕਿੰਨੇ ਯਾਤਰੀ ਸਵਾਰ ਸਨ।
ਅੱਗ ਲੱਗਣ ਕਾਰਨ ਬੱਸ ਸੜ ਕੇ ਸੁਆਹ, ਯਾਤਰੀਆਂ ਨੇ ਛਾਲ ਮਾਰ ਕੇ ਬਚਾਈ ਆਪਣੀ ਜਾਨ
ਪੁਲਿਸ ਮੁਤਾਬਕ ਅੱਗ ਬੱਸ ਦੀ ਛੱਤ ‘ਤੇ ਰੱਖੇ ਸਮਾਨ ਤੋਂ ਸ਼ੁਰੂ ਹੋਈ ਅਤੇ ਕੁਝ ਹੀ ਸਮੇਂ ‘ਚ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਦੌਰਾਨ ਸਵਾਰੀਆਂ ਨੇ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਕਿਸੇ ਤਰ੍ਹਾਂ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ। ਇਸ ਹਾਦਸੇ ਤੋਂ ਬਾਅਦ ਕੁਝ ਸਮੇਂ ਲਈ ਯਮੁਨਾ ਐਕਸਪ੍ਰੈਸ ਵੇਅ ‘ਤੇ ਆਵਾਜਾਈ ਪ੍ਰਭਾਵਿਤ ਰਹੀ। ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਵਿੱਚ ਜੁਟੀ ਹੋਈ ਹੈ ਪੁਲਿਸ
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੇ ਇਕ ਵਾਰ ਫਿਰ ਲੰਬੀ ਯਾਤਰਾ ਦੌਰਾਨ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਸ ਹਾਦਸੇ ਵਿੱਚ ਕਿਸੇ ਯਾਤਰੀ ਦੀ ਜਾਨ ਨਹੀਂ ਗਈ ਪਰ ਜੇਕਰ ਸਮੇਂ ਸਿਰ ਬਚਾਅ ਕਾਰਜ ਨਾ ਕੀਤੇ ਗਏ ਹੁੰਦੇ ਤਾਂ ਨਤੀਜਾ ਕੁਝ ਹੋਰ ਹੋ ਸਕਦਾ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਥਾਣਾ ਸਦਰ ਦੀ ਪੁਲਿਸ ਵੱਲੋਂ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ।