ਪੰਜਾਬ : ਦੀਵਾਲੀ ਦੇ ਤਿਉਹਾਰ ‘ਤੇ ਪੰਜਾਬ ਪੁਲਿਸ ਨੂੰ ਲੈ ਕੇ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਆਮ ਤੌਰ ‘ਤੇ ਅਪਰਾਧਿਕ ਵਾਰਦਾਤਾਂ ਦੀਆਂ ਘਟਨਾਵਾਂ ਸੀ.ਸੀ.ਟੀ.ਵੀ ਰਾਹੀਂ ਸਾਹਮਣੇ ਆਉਂਦੀਆਂ ਹਨ, ਉਥੇ ਹੀ ਹੁਣ ਫ਼ਰੀਦਕੋਟ ਵਿੱਚ ਪੁਲਿਸ ਦੀ ਸੀ.ਸੀ.ਟੀ.ਵੀ ਫੁਟੇਜ ਚਰਚਾ ਦਾ ਵਿਸ਼ਾ ਬਣ ਗਈ ਹੈ। ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਪੁਲਿਸ ਖੁਦ ਹੀ ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ।
ਦੀਵਾਲੀ ਮੌਕੇ ਫਰੀਦਕੋਟ ਦੇ ਬਾਜ਼ਾਰ ‘ਚ ਪਟਾਕਿਆਂ ਦੇ ਸਟਾਲ ਤੋਂ ਪੁਲਿਸ ਪਟਾਕੇ ਚੁੱਕਦੀ ਨਜ਼ਰ ਆ ਰਹੀ ਹੈ। ਥਾਣਾ ਸਿਟੀ ਫਰੀਦਕੋਟ ਪੁਲਿਸ ਨੇ ਪਟਾਕਿਆਂ ਨੂੰ ਸਟਾਲ ਤੋਂ ਚੁੱਕ ਕੇ ਆਪਣੀ ਸਰਕਾਰੀ ਗੱਡੀ ਵਿੱਚ ਛੱਡ ਦਿੱਤਾ। ਇਹ ਸਾਰੀ ਘਟਨਾ ਨੇੜੇ ਦੀ ਦੁਕਾਨ ‘ਚ ਲੱਗੇ ਸੀ.ਸੀ.ਟੀ.ਵੀ ‘ਚ ਕੈਦ ਹੋ ਗਈ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਦੋਂ ਪੁਲਿਸ ਸਟਾਲ ‘ਤੇ ਗੱਲ ਕਰ ਰਹੀ ਸੀ ਤਾਂ ਉਨ੍ਹਾਂ ਨੇ ਪਟਾਕੇ ਚੁੱਕ ਕੇ ਗੱਡੀ ‘ਚ ਰੱਖੇ, ਨਾ ਤਾਂ ਉਨ੍ਹਾਂ ਨੂੰ ਕੋਈ ਪੈਸੇ ਦਿੱਤੇ ਗਏ ਅਤੇ ਨਾ ਹੀ ਕੋਈ ਚਲਾਨ ਕੀਤਾ ਗਿਆ।
ਇਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਨਾਜਾਇਜ਼ ਤੌਰ ’ਤੇ ਪਟਾਕਿਆਂ ਦੇ ਸਟਾਲ ਲਾਏ ਗਏ ਹਨ, ਜਿੱਥੇ ਪੁਲੀਸ ਵੱਲੋਂ ਪਟਾਕਿਆਂ ਨੂੰ ਜ਼ਬਤ ਕਰ ਲਿਆ ਗਿਆ ਅਤੇ ਕਈਆਂ ਨੂੰ ਚਿਤਾਵਨੀ ਦੇ ਕੇ ਵਾਪਸ ਵੀ ਕਰ ਦਿੱਤਾ ਗਿਆ। ਇਸ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਕੋਈ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਕਰਦਿਆਂ ਐਸਐਸਪੀ ਡਾ: ਪ੍ਰਗਿਆ ਜੈਨ ਨੇ ਸਬੰਧਤ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।