ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Chief Minister Yogi Adityanath) ਨੇ ਦੀਵਾਲੀ ਦੇ ਮੌਕੇ ‘ਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਇੱਥੇ ਜਾਰੀ ਇੱਕ ਵਧਾਈ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਭਾਰਤ ਦੇ ਸਨਾਤਨ ਧਰਮ ਦੀ ਪਰੰਪਰਾ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ। ਉਨ੍ਹਾਂ ਨੇ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਿੱਚ ਆਗਮਨ ਅਤੇ ਰਾਮਰਾਜ ਦੀ ਸ਼ੁਰੂਆਤ ਦੀ ਯਾਦ ਵਿੱਚ ਭਾਰਤ ਭਰ ਦੇ ਸ਼ਰਧਾਲੂਆਂ ਨੇ ਆਪਣੇ ਘਰਾਂ ਨੂੰ ਦੀਵਿਆਂ ਨਾਲ ਸਜਾ ਕੇ ਇਹ ਤਿਉਹਾਰ ਮਨਾਉਣਾ ਸ਼ੁਰੂ ਕੀਤਾ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਦਾ ਦੀਵਾਲੀ ਦਾ ਤਿਉਹਾਰ ਇਤਿਹਾਸਕ ਅਤੇ ਬੇਮਿਸਾਲ ਹੈ। ਲਗਭਗ 500 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਭਗਵਾਨ ਸ਼੍ਰੀ ਰਾਮਲਲਾ ਆਪਣੇ ਨਿਵਾਸ ਸਥਾਨ ‘ਤੇ ਬਿਰਾਜਮਾਨ ਹੋਏ ਹਨ। ਉਨ੍ਹਾਂ ਕਿਹਾ ਕਿ ਅਯੁੱਧਿਆ ‘ਚ ਨਵੇਂ ਮੰਦਰ ‘ਚ ਵੀ ਅਣਗਿਣਤ ਦੀਵੇ ਜਗਾਏ ਜਾਣਗੇ। ਅਦਿੱਤਿਆਨਾਥ ਨੇ ਕਿਹਾ ਕਿ ਰਾਜ ਸਰਕਾਰ ‘ਦੀਪ ਉਤਸਵ’ ਦੇ ਆਯੋਜਨ ਦੇ ਜ਼ਰੀਏ ਅਯੁੱਧਿਆ ਵਿਚ ਦੀਵਾਲੀ ਮਨਾਉਣ ਦੀ ਪ੍ਰਾਚੀਨ ਅਤੇ ਸ਼ਾਨਦਾਰ ਪਰੰਪਰਾ ਨੂੰ ਮੁੜ ਸਥਾਪਿਤ ਕਰ ਰਹੀ ਹੈ ਅਤੇ ਅਯੁੱਧਿਆ ਦੀ ਸ਼ਾਨ ਨੂੰ ਪੂਰੇ ਵਿਸ਼ਵ ਭਾਈਚਾਰੇ ਨੂੰ ਪੇਸ਼ ਕਰ ਰਹੀ ਹੈ।