ਨਵੀਂ ਦਿੱਲੀ: ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਹੁਣ ਉਨ੍ਹਾਂ ਦੇ ਬੇਟੇ ਜ਼ੀਸ਼ਾਨ ਸਿੱਦੀਕੀ (Zeeshan Siddiqui) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜ਼ੀਸ਼ਾਨ ਦੇ ਨਾਲ-ਨਾਲ ਸੁਪਰਸਟਾਰ ਸਲਮਾਨ ਖਾਨ (Superstar Salman Khan) ਨੂੰ ਵੀ ਧਮਕੀ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ‘ਚ 20 ਸਾਲਾ ਲੜਕੇ ਮੁਹੰਮਦ ਤਇਅਬ ਨੂੰ ਨੋਇਡਾ ਦੇ ਸੈਕਟਰ 39 ਤੋਂ ਗ੍ਰਿਫ਼ਤਾਰ ਕੀਤਾ ਹੈ।
ਜ਼ੀਸ਼ਾਨ ਸਿੱਦੀਕੀ ਨੂੰ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਧਮਕੀ ਭਰਿਆ ਫ਼ੋਨ ਆਇਆ । ਅਣਪਛਾਤੇ ਵਿਅਕਤੀ ਨੇ ਫੋਨ ‘ਤੇ ਸਿੱਦੀਕੀ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਅਤੇ ਪੈਸਿਆਂ ਦੀ ਮੰਗ ਕੀਤੀ। ਧਮਕੀ ਮਿਲਣ ਤੋਂ ਬਾਅਦ ਜ਼ੀਸ਼ਾਨ ਸਿੱਦੀਕੀ ਦੇ ਦਫ਼ਤਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਘਟਨਾ ਤੋਂ ਬਾਅਦ ਜ਼ੀਸ਼ਾਨ ਸਿੱਦੀਕੀ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਜ਼ੀਸ਼ਾਨ ਦੇ ਦਫ਼ਤਰ ਦੇ ਬਾਹਰ ਕੀਤੀ ਗਈ ਬਾਬਾ ਸਿੱਦੀਕੀ ਦੀ ਹੱਤਿਆ
ਇਸ ਤੋਂ ਪਹਿਲਾਂ ਜ਼ੀਸ਼ਾਨ ਸਿੱਦੀਕੀ ਦੇ ਪਿਤਾ ਬਾਬਾ ਸਿੱਦੀਕੀ ਦਾ ਲਾਰੈਂਸ ਗੈਂਗ ਦੇ ਕਾਰਕੁਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। 12 ਅਕਤੂਬਰ ਨੂੰ ਵਿਜੇਦਸ਼ਮੀ ਦੇ ਮੌਕੇ ‘ਤੇ ਬਾਂਦਰਾ ‘ਚ ਬਾਬਾ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਲੋਕ ਪਟਾਕੇ ਚਲਾ ਰਹੇ ਸਨ। ਇਸ ਦੌਰਾਨ ਰਾਤ 9.15 ਤੋਂ 9.20 ਵਜੇ ਦੇ ਦਰਮਿਆਨ ਬਾਬਾ ਸਿੱਦੀਕੀ ਆਪਣੇ ਲੜਕੇ ਦੇ ਦਫ਼ਤਰ ਤੋਂ ਬਾਹਰ ਆ ਗਏ। ਪਟਾਕਿਆਂ ਦੀ ਸ਼ੋਰ ਦੌਰਾਨ ਅਚਾਨਕ ਕਾਰ ਤੋਂ ਤਿੰਨ ਵਿਅਕਤੀ ਮੂੰਹ ‘ਤੇ ਰੁਮਾਲ ਬੰਨ੍ਹ ਕੇ ਹੇਠਾਂ ਉਤਰ ਗਏ ਅਤੇ ਉਨ੍ਹਾਂ ਨੇ ਲਗਾਤਾਰ 6 ਰਾਊਂਡ ਫਾਇਰ ਕੀਤੇ। ਇਸ ਗੋਲੀਬਾਰੀ ‘ਚ ਬਾਬਾ ਸਿੱਦੀਕੀ ਨੂੰ ਤਿੰਨ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।