ਸਪੋਰਟਸ ਡੈਸਕ : ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ (Wicketkeeper batsman Matthew Wade) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਪਾਕਿਸਤਾਨ ਖ਼ਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ‘ਚ ਆਸਟ੍ਰੇਲੀਆ ਦੇ ਕੋਚ ਦੇ ਰੂਪ ‘ਚ ਨਜ਼ਰ ਆਉਣਗੇ। ਵੇਡ ਨੇ ਕਿਹਾ, ‘ਮੈਨੂੰ ਪਤਾ ਸੀ ਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਮੇਰਾ ਸਮਾਂ ਖਤਮ ਹੋਣ ਵਾਲਾ ਹੈ। ਮੈਂ ਪਿਛਲੇ ਛੇ ਮਹੀਨਿਆਂ ਤੋਂ ਜਾਰਜ (ਬੇਲੀ) ਅਤੇ ਐਂਡਰਿਊ (ਮੈਕਡੋਨਾਲਡ) ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਅਤੇ ਕੋਚਿੰਗ ਦੀ ਭੂਮਿਕਾ ਨੂੰ ਲੈ ਕੇ ਚਰਚਾ ਕਰ ਰਿਹਾ ਹਾਂ। ਮੈਂ ਪਿਛਲੇ ਕੁਝ ਸਾਲਾਂ ਤੋਂ ਕੋਚਿੰਗ ਬਾਰੇ ਸੋਚ ਰਿਹਾ ਹਾਂ ਅਤੇ ਮੈਂ ਇਸ ਨਵੀਂ ਭੂਮਿਕਾ ਲਈ ਬਹੁਤ ਉਤਸੁਕ ਅਤੇ ਸ਼ੁਕਰਗੁਜ਼ਾਰ ਹਾਂ।
ਵੇਡ ਨੇ ਇਸ ਤੋਂ ਪਹਿਲਾਂ ਮਾਰਚ ‘ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਵੇਡ ਜੂਨ ‘ਚ ਹੋਏ ਟੀ-20 ਵਿਸ਼ਵ ਕੱਪ ‘ਚ ਆਸਟ੍ਰੇਲੀਆਈ ਟੀਮ ਦਾ ਹਿੱਸਾ ਸੀ ਅਤੇ ਇਸ ਤੋਂ ਬਾਅਦ ਸਤੰਬਰ ‘ਚ ਇੰਗਲੈਂਡ ਦੌਰੇ ਦੌਰਾਨ ਵੇਡ ਨੂੰ ਆਸਟ੍ਰੇਲੀਆਈ ਟੀਮ ‘ਚ ਜਗ੍ਹਾ ਨਹੀਂ ਮਿਲੀ। ਵੇਡ ਬੀ.ਬੀ.ਐਲ ਅਤੇ ਹੋਰ ਫਰੈਂਚਾਇਜ਼ੀ ਟੀ-20 ਟੂਰਨਾਮੈਂਟ ਖੇਡਣਾ ਜਾਰੀ ਰੱਖੇਗਾ। ਉਹ ਬੀ.ਬੀ.ਐਲ ਵਿੱਚ ਹੋਬਾਰਟ ਹਰੀਕੇਨਜ਼ ਦਾ ਹਿੱਸਾ ਹੈ। ਉਹ ਪਾਕਿਸਤਾਨ ਦੇ ਖ਼ਿਲਾਫ਼ ਟੀ-20 ਸੀਰੀਜ਼ ‘ਚ ਆਂਦਰੇ ਬੋਰੋਵੇਕ ਦੀ ਅਗਵਾਈ ਵਾਲੀ ਕੋਚਿੰਗ ਟੀਮ ਦਾ ਹਿੱਸਾ ਹੋਣਗੇ।
ਅਣਅਧਿਕਾਰਤ ਤੌਰ ‘ਤੇ ਉਹ ਵਨਡੇ ਸੀਰੀਜ਼ ਦੌਰਾਨ ਆਸਟ੍ਰੇਲੀਆ ਦੀ ਕੋਚਿੰਗ ਟੀਮ ਨਾਲ ਵੀ ਜੁੜੇ ਰਿਹਣਗੇ। ਐਂਡਰਿਊ ਮੈਕਡੋਨਲਡ ਦੀ ਅਗਵਾਈ ਵਾਲੀ ਕੋਚਿੰਗ ਟੀਮ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਦੀ ਤਿਆਰੀ ਕਰੇਗੀ। ਵੇਡ ਨੇ 2011 ਤੋਂ 2024 ਦਰਮਿਆਨ ਆਸਟ੍ਰੇਲੀਆ ਲਈ ਕੁੱਲ 36 ਟੈਸਟ, 97 ਵਨਡੇ ਅਤੇ 92 ਟੀ-20 ਮੈਚ ਖੇਡੇ। ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਵਿੱਚ ਆਸਟ੍ਰੇਲੀਆ ਦੀ ਟੀ-20 ਵਿਸ਼ਵ ਕੱਪ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸੈਮੀਫਾਈਨਲ ‘ਚ ਉਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ 17 ਗੇਂਦਾਂ ‘ਚ 41 ਦੌੜਾਂ ਬਣਾਈਆਂ ਸਨ।