ਲਖਨਊ : ਲਖਨਊ ਦੇ ਤਾਜ ਹੋਟਲ (Taj Hotel) ਨੂੰ ਅੱਜ ਇੱਕ ਈ-ਮੇਲ ਰਾਹੀਂ ਬੰਬ ਦੀ ਧਮਕੀ (A Bomb Threat) ਮਿਲੀ ਸੀ। ਇਸ ਤੋਂ ਪਹਿਲਾਂ ਬੀਤੇ ਦਿਨ (27 ਅਕਤੂਬਰ) ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਸ਼ਹਿਰ ਦੇ 10 ਹੋਟਲਾਂ ਨੂੰ ਦਿੱਤੀ ਗਈ ਸੀ। ਪੁਲਿਸ ਸੂਤਰਾਂ ਮੁਤਾਬਕ ਹਜ਼ਰਤਗੰਜ ਇਲਾਕੇ ‘ਚ ਸਥਿਤ ਤਾਜ ਹੋਟਲ ਨੂੰ ਭੇਜੀ ਗਈ ਈ-ਮੇਲ ‘ਚ ਸੰਭਾਵਿਤ ਬੰਬ ਧਮਾਕੇ ਦੀ ਚਿਤਾਵਨੀ ਦਿੱਤੀ ਗਈ ਹੈ।
ਬੀਤੇ ਦਿਨ ਜਿਨ੍ਹਾਂ 10 ਹੋਟਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ, ਉਨ੍ਹਾਂ ਵਿੱਚ ਮੈਰੀਅਟ, ਸਾਰਕਾ, ਪਿਕਾਡਲੀ, ਕੰਫਰਟ ਵਿਸਟਾ, ਫਾਰਚਿਊਨ, ਲੈਮਨ ਟ੍ਰੀ, ਕਲਾਰਕ ਅਵਧ, ਕਾਸਾ, ਦਿਆਲ ਗੇਟਵੇ ਅਤੇ ਸਿਲਵੇਟ ਸ਼ਾਮਲ ਹਨ। ਬੰਬ ਨਿਰੋਧਕ ਦਸਤੇ ਵੱਲੋਂ ਇਨ੍ਹਾਂ ਹੋਟਲਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਪਰ ਸਾਰੀਆਂ ਧਮਕੀਆਂ ਬੇਬੁਨਿਆਦ ਪਾਈਆਂ ਗਈਆਂ।
ਈ-ਮੇਲ ਵਿੱਚ ਲਿਖਿਆ ਗਿਆ ਸੀ ਕਿ ਜੇਕਰ 55,000 ਡਾਲਰ (ਲਗਭਗ 4,624,288 ਰੁਪਏ) ਦੀ ਫਿਰੌਤੀ ਅਦਾ ਨਾ ਕੀਤੀ ਗਈ ਤਾਂ ਧਮਾਕਾ ਹੋ ਜਾਵੇਗਾ। ਧਮਕੀ ‘ਚ ਕਿਹਾ ਗਿਆ, ‘ਤੁਹਾਡੇ ਹੋਟਲ ਦੇ ਅਹਾਤੇ ‘ਚ ਕਾਲੇ ਬੈਗ ‘ਚ ਬੰਬ ਲੁਕਾਏ ਹੋਏ ਹਨ। ਮੈਨੂੰ $55,000 ਚਾਹੀਦਾ ਹੈ, ਜਾਂ ਮੈਂ ਵਿਸਫੋਟ ਕਰਾਂਗਾ ਅਤੇ ਹਰ ਪਾਸੇ ਖੂਨ ਹੋਵੇਗਾ। ਬੰਬਾਂ ਨੂੰ ਨਕਾਰਾ ਕਰਨ ਦੀ ਕੋਈ ਵੀ ਕੋਸ਼ਿਸ਼ ਉਨ੍ਹਾਂ ਦੇ ਵਿਸਫੋਟ ਦਾ ਕਾਰਨ ਬਣੇਗੀ।
ਅਧਿਕਾਰੀਆਂ ਨੇ ਤਾਜ ਹੋਟਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਹੋਟਲ ਦੀ ਪੂਰੀ ਤਰ੍ਹਾਂ ਤਲਾਸ਼ੀ ਲੈਣ ਲਈ ਇਕ ਵਾਰ ਫਿਰ ਬੰਬ ਨਿਰੋਧਕ ਦਸਤੇ ਨੂੰ ਤਾਇਨਾਤ ਕੀਤਾ ਹੈ। ਈ-ਮੇਲ ਦੇ ਸਰੋਤ ਦੀ ਜਾਂਚ ਅਜੇ ਵੀ ਜਾਰੀ ਹੈ।