ਫਤਿਹਾਬਾਦ : ਫਤਿਹਾਬਾਦ ਜ਼ਿਲ੍ਹੇ (Fatehabad District) ਦੇ ਪਿੰਡ ਭੱਟੂ ਕਲਾਂ ਦੇ ਸਰਪੰਚ ਨੂੰ ਡੀ.ਸੀ ਮਨਦੀਪ ਕੌਰ (DC Mandeep Kaur) ਨੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਸਰਪੰਚ ਦੀ ਮੁਅੱਤਲੀ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਰਪੰਚ ਨੇ ਸਰਕਾਰੀ ਨਿਯਮਾਂ ਦੀ ਅਣਦੇਖੀ ਕਰਕੇ ਸਰਕਾਰ ਨੂੰ 12 ਲੱਖ 13 ਹਜ਼ਾਰ 431 ਰੁਪਏ ਦਾ ਨੁਕਸਾਨ ਪਹੁੰਚਾਇਆ ਹੈ।
ਡੀ.ਸੀ ਨੇ ਸਰਪੰਚ ਨੂੰ ਗ੍ਰਾਮ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਸ਼ਾਮਲ ਹੋਣ ’ਤੇ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਹਨ। ਡੀ.ਸੀ ਨੇ ਬੀ.ਡੀ.ਪੀ.ਓ. ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਉਹ ਨਿਯਮਾਂ ਅਨੁਸਾਰ ਮੁਅੱਤਲ ਕੀਤੇ ਸਰਪੰਚ ਤੋਂ ਗ੍ਰਾਮ ਪੰਚਾਇਤ ਦੀ ਚੱਲ-ਅਚੱਲ ਜਾਇਦਾਦ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈਣ।
ਦੱਸ ਦੇਈਏ ਕਿ ਇਸ ਸਬੰਧੀ ਡੀ.ਸੀ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਭੱਟੂ ਕਲਾਂ ਦੇ ਸਰਪੰਚ ਨੇ ਕਾਨੂੰਨ ਦੀ ਅਣਦੇਖੀ ਕਰਕੇ ਨਿੱਜੀ ਜ਼ਮੀਨ ’ਤੇ ਇਹ ਕਮਿਊਨਿਟੀ ਕੈਟਲ ਸ਼ੈੱਡ ਬਣਾਇਆ ਹੋਇਆ ਹੈ। ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਭੱਟੂ ਕਲਾਂ ਦੇ ਬੀ.ਡੀ.ਪੀ.ਓ. ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਦੌਰਾਨ ਉਕਤ ਸ਼ੈੱਡ ਵਿੱਚ ਬੇਨਿਯਮੀਆਂ ਪਾਈਆਂ ਗਈਆਂ। ਉਨ੍ਹਾਂ ਇਸ ਦੀ ਰਿਪੋਰਟ ਡੀ.ਸੀ ਨੂੰ ਭੇਜ ਦਿੱਤੀ ਹੈ। ਜਿਸ ‘ਤੇ ਕਾਰਵਾਈ ਕਰਦਿਆਂ ਡੀ.ਸੀ ਨੇ ਸਰਪੰਚ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ।