HomeSportਚਿਰਾਗ ਚਿਕਾਰਾ ਨੇ ਅੰਡਰ-23 ਵਿਸ਼ਵ ਚੈਂਪੀਅਨ 'ਚ ਕਿਰਗਿਸਤਾਨ ਦੇ ਕਰਾਚੋਵ ਨੂੰ ਹਰਾ...

ਚਿਰਾਗ ਚਿਕਾਰਾ ਨੇ ਅੰਡਰ-23 ਵਿਸ਼ਵ ਚੈਂਪੀਅਨ ‘ਚ ਕਿਰਗਿਸਤਾਨ ਦੇ ਕਰਾਚੋਵ ਨੂੰ ਹਰਾ ਕੇ ਜਿੱਤਿਆ ਸੋਨਾ ਤਗਮਾ

ਸਪੋਰਟਸ ਡੈਸਕ : ਚਿਰਾਗ ਚਿਕਾਰਾ (Chirag Chikara) ਅੰਡਰ-23 ਵਿਸ਼ਵ ਚੈਂਪੀਅਨ ਬਣਨ ਵਾਲੇ ਤੀਜੇ ਭਾਰਤੀ ਪਹਿਲਵਾਨ ਬਣ ਗਏ ਹਨ, ਜਿਸ ਨੇ ਭਾਰਤ ਨੂੰ ਇੱਥੇ ਚੱਲ ਰਹੇ ਉਮਰ ਵਰਗ ਟੂਰਨਾਮੈਂਟ ‘ਚ ਇਕ ਸੋਨ ਅਤੇ ਚਾਂਦੀ ਸਮੇਤ 9 ਤਗਮੇ ਜਿੱਤਣ ‘ਚ ਮਦਦ ਕੀਤੀ ਹੈ। ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ‘ਚ ਮੁਕਾਬਲਾ ਕਰ ਰਹੇ ਚਿਕਾਰਾ ਨੇ ਆਖਰੀ ਸਕਿੰਟਾਂ ‘ਚ ਕਿਰਗਿਜ਼ਸਤਾਨ ਦੇ ਅਬਦਿਮਲਿਕ ਕਰਾਚਾਓਵ ‘ਤੇ 4-3 ਨਾਲ ਜਿੱਤ ਦਰਜ ਕੀਤੀ। ਉਹ ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਅਮਨ ਸਹਿਰਾਵਤ ਤੋਂ ਬਾਅਦ ਅੰਡਰ-23 ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਪੁਰਸ਼ ਖਿਡਾਰੀ ਬਣ ਗਏ ਹਨ।

ਸਹਿਰਾਵਤ ਨੇ 2022 ‘ਚ ਮੁਕਾਬਲੇ ਦੇ ਇਸੇ ਭਾਰ ਵਰਗ ‘ਚ ਇਹ ਉਪਲਬਧੀ ਹਾਸਲ ਕੀਤੀ ਸੀ, ਜਦਕਿ ਰਿ ਤਿਕਾ ਹੁੱਡਾ ਪਿਛਲੇ ਸਾਲ 76 ਕਿਲੋਗ੍ਰਾਮ ਵਰਗ ‘ਚ ਜਿੱਤ ਕੇ ਟੂਰਨਾਮੈਂਟ ‘ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ। ਰਵੀ ਕੁਮਾਰ ਦਹੀਆ ਨੇ 2018 ਵਿੱਚ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਚਿਕਾਰਾ ਨੇ ਫਾਈਨਲ ‘ਚ ਪਹੁੰਚਣ ਤੋਂ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਗੌਕੋਟੋ ਓਜ਼ਾਵਾ ਨੂੰ 6-1 ਨਾਲ, ਆਖਰੀ ਅੱਠ ਪੜਾਅ ਵਿੱਚ ਯੂਨਸ ਇਵਬਾਤਿਰੋਵ ਨੂੰ 12-2 ਨਾਲ ਅਤੇ ਸੈਮੀਫਾਈਨਲ ਵਿੱਚ ਐਲਨ ਓਰਲਬੇਕ ਨੂੰ 8-0 ਨਾਲ ਹਰਾਇਆ।

ਭਾਰਤ ਦੇ ਮੈਡਲਾਂ ਦੀ ਸੂਚੀ ਵਿੱਚ ਪੁਰਸ਼ਾਂ ਦੇ ਫ੍ਰੀਸਟਾਈਲ ਵਰਗ ਵਿੱਚ ਦੋ ਕਾਂਸੀ ਦੇ ਤਗਮੇ ਵੀ ਸ਼ਾਮਲ ਹਨ। ਇਸ ਨਾਲ 82 ਅੰਕਾਂ ਨਾਲ ਟੀਮ ਤਾਲਿਕਾ ਵਿੱਚ ਇਰਾਨ (158), ਜਾਪਾਨ (102) ਅਤੇ ਅਜ਼ਰਬਾਈਜਾਨ (100) ਤੋਂ ਪਿੱਛੇ ਚੌਥੇ ਸਥਾਨ ’ਤੇ ਹੈ। ਭਾਰਤ ਨੇ ਪੁਰਸ਼ਾਂ ਦੇ ਫਰੀਸਟਾਈਲ ਵਿੱਚ ਦੋ ਹੋਰ ਕਾਂਸੀ ਦੇ ਤਗਮੇ ਜਿੱਤੇ, ਜਿਸ ਨਾਲ ਇਸ ਵਰਗ ਵਿੱਚ ਦੇਸ਼ ਦੇ ਤਗਮੇ ਦੀ ਗਿਣਤੀ ਚਾਰ ਹੋ ਗਈ। ਵਿੱਕੀ ਨੇ ਪੁਰਸ਼ਾਂ ਦੇ 97 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਵਿੱਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗ਼ਮਾ ਜੇਤੂ ਅਤੇ ਯੂਕਰੇਨ ਦੇ ਯੂਰਪੀ ਜੂਨੀਅਰ ਚੈਂਪੀਅਨ ਇਵਾਨ ਪ੍ਰਿਮਾਚੇਂਕੋ ਨੂੰ 7-2 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।

ਵਿੱਕੀ ਨੇ ਪਹਿਲੇ ਗੇੜ ਵਿੱਚ ਜਾਰਜੀਆ ਦੇ ਮੇਰਬ ਸੁਲੇਮਾਨਿਸ਼ਵਿਲੀ ਅਤੇ ਕੁਆਰਟਰ ਫਾਈਨਲ ਵਿੱਚ ਮੋਲਦੋਵਾ ਦੇ ਰਾਡੂ ਲੇਫਟਰ ਨੂੰ ਹਰਾਇਆ ਪਰ ਸੈਮੀਫਾਈਨਲ ਵਿੱਚ ਇਰਾਨ ਦੇ ਮਹਿਦੀ ਹਾਜ਼ਿਲੋਆਨ ਮੋਰਾਫਾ ਤੋਂ ਹਾਰ ਗਏ ਸੀ। ਪੁਰਸ਼ਾਂ ਦੇ 70 ਕਿਲੋਗ੍ਰਾਮ ਫ੍ਰੀਸਟਾਈਲ ਵਿੱਚ ਸੁਜੀਤ ਕਾਲਕਲ ਨੇ 0-4 ਨਾਲ ਪੱਛੜ ਕੇ ਵਾਪਸੀ ਕੀਤੀ ਅਤੇ ਤਜ਼ਾਕਿਸਤਾਨ ਦੇ ਮੁਸਤਫੋ ਅਖਮੇਦੋਵ ਨੂੰ 13-4 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਸੁਜੀਤ ਨੇ ਪਹਿਲੇ ਦੌਰ ‘ਚ ਜਾਰਜੀ ਐਂਟੋਨੋਵ ਜ਼ਿਜ਼ਗੋਵ ਨੂੰ 10-0, ਪ੍ਰੀ-ਕੁਆਰਟਰ ‘ਚ ਤੁਗਜਾਰਗਲ ਐਰਡੇਨੇਬੈਟ ਨੂੰ 7-4 ਨਾਲ ਅਤੇ ਕੁਆਰਟਰ ਫਾਈਨਲ ‘ਚ ਨਾਰੇਕ ਪੋਹੋਸਯਾਨ ਨੂੰ 6-1 ਨਾਲ ਹਰਾਇਆ ਪਰ ਸੈਮੀਫਾਈਨਲ ‘ਚ ਉਹ ਮੈਗੋਮੇਦ ਬਸੀਹਾਰ ਖਾਨੀਏਵ ਤੋਂ 4-8 ਤੋਂ ਹਾਰ ਗਏ ਸਨ।

ਇਸ ਤੋਂ ਪਹਿਲਾਂ ਅਭਿਸ਼ੇਕ ਢਾਕਾ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤਰ੍ਹਾਂ ਭਾਰਤ ਨੇ ਫ੍ਰੀਸਟਾਈਲ ਵਿੱਚ ਚਾਰ ਤਗਮੇ (ਇੱਕ ਸੋਨ ਅਤੇ ਤਿੰਨ ਕਾਂਸੀ) ਜਿੱਤ ਕੇ ਆਪਣੇ ਪਿਛਲੇ ਸਾਲ ਦੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ। ਪਿਛਲੇ ਸਾਲ ਭਾਰਤ ਨੇ ਫਰੀਸਟਾਈਲ ਵਰਗ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ ਸਨ। ਭਾਰਤੀ ਮਹਿਲਾ ਕੁਸ਼ਤੀ ਟੀਮ ਨੇ ਵੀ ਚੰਗਾ ਪ੍ਰਦਰਸ਼ਨ ਕਰਦਿਆਂ ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ। ਅੰਜਲੀ ਨੇ 59 ਕਿਲੋਗ੍ਰਾਮ ਵਰਗ ‘ਚ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ਨੇਹਾ ਸ਼ਰਮਾ (57 ਕਿਲੋਗ੍ਰਾਮ), ਸ਼ਿਕਸ਼ਾ (65 ਕਿਲੋਗ੍ਰਾਮ) ਅਤੇ ਮੋਨਿਕਾ (68 ਕਿਲੋਗ੍ਰਾਮ) ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਵਿਸ਼ਵਜੀਤ ਮੋਰੇ ਨੇ ਪੁਰਸ਼ਾਂ ਦੇ 55 ਕਿਲੋਗ੍ਰਾਮ ਗ੍ਰੀਕੋ ਰੋਮਨ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments