ਦੋਰਾਹਾ : ਦੋਰਾਹਾ ਨੇੜਲੇ ਪਿੰਡ ਅਜਨੌਦ ਦੇ ਇੱਕ ਨਸ਼ਾ ਤਸਕਰ ਦੀ 4.84 ਲੱਖ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਇਹ ਕਾਰਵਾਈ ਪਾਇਲ ਦੇ ਡੀ.ਐਸ.ਪੀ. ਦੀਪਕ ਰਾਏ ਅਤੇ ਦੋਰਾਹਾ ਥਾਣੇ ਦੇ ਐਸ.ਐਚ.ਓ. ਇੰਸਪੈਕਟਰ ਵਰਿੰਦਰ ਸਿੰਘ ਦੀ ਸਾਂਝੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਕੀਤੀ ਗਈ ਹੈ।
ਦੀਪਕ ਰਾਏ ਨੇ ਦੱਸਿਆ ਕਿ ਜਗਦੇਵ ਸਿੰਘ ਉਰਫ ਜੱਗੀ ਵਾਸੀ ਅਜਨੌਦ ਤੋਂ 2 ਕਿਲੋ 20 ਗ੍ਰਾਮ ਹੈਰੋਇਨ ਫੜੀ ਗਈ ਸੀ ਅਤੇ ਉਸ ਦੇ ਖ਼ਿਲਾਫ਼ 2020 ਵਿੱਚ ਐਨ.ਡੀ.ਪੀ.ਐਸ ਐਫ.ਆਈ.ਆਰ ਦਰਜ ਕੀਤੀ ਗਈ ਸੀ। ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਰਾਹਾ ਪੁਲਿਸ ਨੇ ਡੀ.ਐਸ.ਪੀ. ਰਾਏ ਦੀ ਅਗਵਾਈ ਹੇਠ ਉਸ ਦੀ 4.84 ਲੱਖ ਰੁਪਏ ਦੀ ਜਾਇਦਾਦ ਜੋ ਉਸ ਨੇ ਨਸ਼ਾ ਤਸਕਰੀ ਰਾਹੀਂ ਬਣਾਈ ਸੀ, ਕੁਰਕ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਜਾਇਦਾਦ ਨੂੰ ਕੁਰਕ ਕਰਨ ਲਈ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਤਿਆਰ ਕਰਕੇ ਸਮਰੱਥ ਅਧਿਕਾਰੀ ਨੂੰ ਭੇਜਿਆ ਗਿਆ। ਇਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹੁਣ ਉਹ ਇਸ ਜਾਇਦਾਦ ਨੂੰ ਵੇਚ ਨਹੀਂ ਸਕਣਗੇ ਅਤੇ ਇਸ ਦਾ ਕੇਸ ਸਮਰੱਥ ਅਧਿਕਾਰੀ ਕੋਲ ਜਾਵੇਗਾ। ਡੀ.ਐਸ.ਪੀ. ਦੀਪਕ ਰਾਏ ਨੇ ਦੱਸਿਆ ਕਿ ਪਾਇਲ ਸਬ-ਡਵੀਜ਼ਨ ਪੁਲਿਸ ਪ੍ਰਸ਼ਾਸਨ ਵੱਲੋਂ ਇਲਾਕੇ ਦੇ 7-8 ਹੋਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।