ਮੈਕਸੀਕੋ ਸਿਟੀ : ਮੱਧ ਮੈਕਸੀਕੋ ਦੇ ਸੂਬੇ ਜ਼ਕਾਟੇਕਾਸ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਟਰੈਕਟਰ-ਟਰਾਲੀ ਅਤੇ ਸਵਾਰੀਆਂ ਨਾਲ ਭਰੀ ਬੱਸ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਕੁੱਲ 19 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 6 ਗੰਭੀਰ ਜ਼ਖਮੀ ਯਾਤਰੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਵਾਰੀਆਂ ਨਾਲ ਭਰੀ ਬੱਸ ਮੱਕਾ ਜਾ ਰਹੇ ਟਰੈਕਟਰ-ਟਰਾਲੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਦੱਸ ਦਈਏ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਕਈ ਫੁੱਟ ਡੂੰਘੀ ਖਾਈ ‘ਚ ਜਾ ਡਿੱਗੇ।
ਸਥਾਨਕ ਅਧਿਕਾਰੀਆਂ ਮੁਤਾਬਕ ਸ਼ੁਰੂਆਤ ‘ਚ ਮਰਨ ਵਾਲਿਆਂ ਦੀ ਗਿਣਤੀ 24 ਦੱਸੀ ਜਾ ਰਹੀ ਸੀ। ਪਰ ਰਾਜ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਬਾਅਦ ਵਿੱਚ ਇਹ ਅੰਕੜਾ 19 ਕਰ ਦਿੱਤਾ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਟਰੈਕਟਰ-ਟਰਾਲੀ ਦਾ ਡਰਾਈਵਰ ਫਰਾਰ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ।
ਦੱਸ ਦਈਏ ਕਿ ਹਾਦਸੇ ਦੇ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ‘ਚ ਖਾਈ ‘ਚ ਡਿੱਗੀਆਂ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਬਚਾਅ ਟੀਮਾਂ ਘਟਨਾ ਵਾਲੀ ਥਾਂ ‘ਤੇ ਕੰਮ ਕਰਦੀਆਂ ਨਜ਼ਰ ਆ ਰਹੀਆਂ ਹਨ।