ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ (India and New Zealand) ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਪੁਨੋ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (Maharashtra Cricket Association Stadium in Pune) ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੂੰ ਇਹ ਮੈਚ ਜਿੱਤਣ ਲਈ ਚੌਥੀ ਪਾਰੀ ਵਿੱਚ 359 ਦੌੜਾਂ ਦਾ ਟੀਚਾ ਮਿਲਿਆ ਹੈ। ਭਾਰਤ ਨੇ ਤੀਜੇ ਦਿਨ ਨਿਊਜ਼ੀਲੈਂਡ ਦੀ ਦੂਜੀ ਪਾਰੀ ਨੂੰ 255 ਦੌੜਾਂ ‘ਤੇ ਸਮੇਟ ਦਿੱਤਾ।
ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਪਾਰੀ ਵਿੱਚ 259 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਪਹਿਲੀ ਪਾਰੀ ‘ਚ ਸਿਰਫ 156 ਦੌੜਾਂ ‘ਤੇ ਆਊਟ ਹੋ ਗਈ ਸੀ। ਹੁਣ ਭਾਰਤ ਦੇ ਕੋਲ ਚੌਥੀ ਪਾਰੀ ਵਿੱਚ ਟੀਚਾ ਹੈ ਜੋ ਇਸ ਮੈਚ ਦੀਆਂ ਤਿੰਨੋਂ ਪਾਰੀਆਂ ਵਿੱਚ ਹੁਣ ਤੱਕ ਹਾਸਲ ਨਹੀਂ ਹੋ ਸਕਿਆ ਹੈ। ਨਿਊਜ਼ੀਲੈਂਡ ਦੀ ਟੀਮ ਨੇ ਕਪਤਾਨ ਟਾਮ ਲੈਥਮ ਦੇ 86 ਦੌੜਾਂ ਦੇ ਯੋਗਦਾਨ ਦੀ ਬਦੌਲਤ ਚੌਥੀ ਪਾਰੀ ‘ਚ 255 ਦੌੜਾਂ ਬਣਾਈਆਂ।
ਸਪਿਨਰਾਂ ਲਈ ਅਨੁਕੂਲ ਪਿੱਚ ‘ਤੇ ਵਿਕਟਕੀਪਰ ਟਾਮ ਬਲੰਡੇਲ ਨੇ 83 ਗੇਂਦਾਂ ‘ਤੇ 41 ਦੌੜਾਂ ਬਣਾਈਆਂ ਅਤੇ ਗਲੇਨ ਫਿਲਿਪਸ ਨੇ ਵੀ 82 ਗੇਂਦਾਂ ‘ਤੇ 48 ਦੌੜਾਂ ਬਣਾਈਆਂ। ਇਸ ਪਾਰੀ ਵਿਚ ਵੀ ਸਪਿਨਰ ਸ਼ਾਨਦਾਰ ਫਾਰਮ ਵਿਚ ਸਨ ਅਤੇ ਪਹਿਲੀ ਪਾਰੀ ਵਿਚ 7 ਵਿਕਟਾਂ ਲੈਣ ਵਾਲੇ ਵਾਸ਼ਿੰਗਟਨ ਸੁੰਦਰ ਨੇ ਇਸ ਵਾਰ ਵੀ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ ਤਿੰਨ ਅਤੇ ਰਵੀਚੰਦਰਨ ਅਸ਼ਵਿਨ ਨੇ 2 ਵਿਕਟਾਂ ਲਈਆਂ।
ਜ਼ਿਕਰਯੋਗ ਹੈ ਕਿ ਇਹ ਪਿੱਚ ਸਪਿਨਰਾਂ ਲਈ ਪੂਰੀ ਤਰ੍ਹਾਂ ਅਨੁਕੂਲ ਰਹੀ ਹੈ, ਜਿੱਥੇ ਭਾਰਤੀ ਬੱਲੇਬਾਜ਼ੀ ਨੂੰ ਖਾਸ ਤੌਰ ‘ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਟੀਮ ਦੀ ਪਹਿਲੀ ਪਾਰੀ ਵਿੱਚ ਖੱਬੇ ਹੱਥ ਦੇ ਸਪਿਨਰ ਮਿਸ਼ੇਲ ਸੈਂਟਨਰ ਨੇ 53 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਗਲੇਨ ਫਿਲਿਪਸ ਨੇ ਵੀ ਆਫ ਸਪਿਨ ਗੇਂਦਬਾਜ਼ੀ ਕਰਦੇ ਹੋਏ 26 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਥੇ ਹੀ ਨਿਊਜ਼ੀਲੈਂਡ ਦੀ ਪਹਿਲੀ ਪਾਰੀ ‘ਚ ਵਾਸ਼ਿੰਗਟਨ ਸੁੰਦਰ ਨੇ 59 ਦੌੜਾਂ ‘ਤੇ 7 ਵਿਕਟਾਂ ਅਤੇ ਰਵੀਚੰਦਰਨ ਅਸ਼ਵਿਨ ਨੇ 64 ਦੌੜਾਂ ‘ਤੇ 3 ਵਿਕਟਾਂ ਲਈਆਂ।
ਵਾਸ਼ਿੰਗਟਨ ਸੁੰਦਰ ਨੇ ਇਸ ਮੈਚ ‘ਚ 115 ਦੌੜਾਂ ਦੇ ਕੇ 11 ਵਿਕਟਾਂ ਲਈਆਂ ਹਨ। ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦੇ ਕਿਸੇ ਵੀ ਸਪਿਨਰ ਦਾ ਇਹ ਚੌਥਾ ਸਰਵੋਤਮ ਟੈਸਟ ਪ੍ਰਦਰਸ਼ਨ ਹੈ। ਇਸ ਮਾਮਲੇ ‘ਚ ਅਸ਼ਵਿਨ ਚੋਟੀ ‘ਤੇ ਹਨ, ਜਿਨ੍ਹਾਂ ਨੇ 2016 ‘ਚ ਇੰਦੌਰ ਟੈਸਟ ਮੈਚ ‘ਚ ਨਿਊਜ਼ੀਲੈਂਡ ਖ਼ਿਲਾਫ਼ 140 ਦੌੜਾਂ ਦੇ ਕੇ 13 ਵਿਕਟਾਂ ਲਈਆਂ ਸਨ।