ਲੁਧਿਆਣਾ: ਪੰਜਾਬ ਦੇ ਫੂਡ ਸਪਲਾਈ ਵਿਭਾਗ (Food Supply Department of Punjab) ਵਿੱਚ 2000 ਕਰੋੜ ਰੁਪਏ ਦਾ ਘਪਲਾ ਅਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਵਿੱਚ ਐੱਲ.ਡੀ.ਪੀ. ਸਕੀਮ ਤਹਿਤ ਪਲਾਟਾਂ ਦੀ ਨਿਲਾਮੀ ਵਿੱਚ ਹੋਏ ਘਪਲੇ ਸਬੰਧੀ ਈ.ਡੀ. ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਸਮੇਤ ਕਈ ਲੋਕਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਈ.ਡੀ. ਫੂਡ ਸਪਲਾਈ ਵਿਭਾਗ ਘੁਟਾਲੇ ‘ਚ ਸਾਬਕਾ ਮੰਤਰੀ ਆਸ਼ੂ ਸਮੇਤ 31 ਲੋਕਾਂ ਖ਼ਿਲਾਫ਼ ਪੀ.ਐੱਮ.ਐੱਲ.ਏ. ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਰਮਨ ਬਾਲਾ ਸੁਬਰਾਮਨੀਅਮ ਦੇ ਕਾਰਜਕਾਲ ਦੌਰਾਨ ਐਲ.ਡੀ.ਪੀ. ਸਕੀਮ ਤਹਿਤ ਅਲਾਟ ਕੀਤੇ ਪਲਾਟਾਂ ਦਾ ਵੇਰਵਾ ਮੰਗਿਆ ਗਿਆ ਹੈ। ਇਹ ਪਟੀਸ਼ਨ ਈ.ਡੀ. ਦੀ ਵਿਸ਼ੇਸ਼ ਅਦਾਲਤ ਜਲੰਧਰ ਵਿਖੇ ਦਾਇਰ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਇੰਪਰੂਵਮੈਂਟ ਟਰੱਸਟ ਵਿੱਚ ਐਲ.ਡੀ.ਪੀ. ਸਕੀਮ ਤਹਿਤ ਪਲਾਟਾਂ ਦੀ ਅਲਾਟਮੈਂਟ ਦੌਰਾਨ ਵੱਡਾ ਘਪਲਾ ਹੋਇਆ ਹੈ, ਜਿਸ ਦੀ ਈ.ਡੀ. ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਈ.ਡੀ. ਨੇ ਟਰੱਸਟ ਨੂੰ ਪੱਤਰ ਭੇਜ ਕੇ ਰਮਨ ਬਾਲਾ ਸੁਬਰਾਮਨੀਅਮ ਦੇ ਕਾਰਜਕਾਲ ਦੌਰਾਨ ਅਲਾਟ ਕੀਤੇ ਗਏ ਸਾਰੇ ਪਲਾਟਾਂ ਦੇ ਵੇਰਵੇ ਮੰਗੇ ਹਨ। ਈ.ਡੀ. ਤੋਂ ਰਿਸ਼ੀ ਨਗਰ ਅਤੇ ਸਰਾਭਾ ਨਗਰ ਦੇ ਪਲਾਟਾਂ ਦੀ ਜਾਣਕਾਰੀ ਮੰਗੀ ਹੈ। ਤੁਹਾਨੂੰ ਦੱਸ ਦੇਈਏ ਕਿ ਰਮਨ ਬਾਲਾ ਸੁਬਰਾਮਨੀਅਮ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਟਰੱਸਟ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਰਹੇ ਹਨ।