ਪੰਜਾਬ : ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਦਾ ਐਲਾਨ ਕੀਤਾ ਗਿਆ ਹੈ। ਕੱਲ੍ਹ ਯਾਨੀ ਮੰਗਲਵਾਰ ਨੂੰ ਸਕੂਲਾਂ ਵਿੱਚ ਮੈਗਾ PTM ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਐਲਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਹੈ। ਪੰਜਾਬ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਮੈਗਾ ਪੀ.ਟੀ.ਐਮ (ਮਾਪੇ-ਅਧਿਆਪਕ ਮੀਟਿੰਗ) ਮੰਗਲਵਾਰ ਨੂੰ ਸਕੂਲਾਂ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਵੇਗੀ। ਪਿਛਲੀ ਵਾਰ ਲਗਭਗ 19 ਲੱਖ ਮਾਪਿਆਂ ਨੇ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ ਬੱਚਿਆਂ ਦੇ ਮਾਪਿਆਂ ਵੱਲੋਂ ਸਿੱਖਿਆ ਨੀਤੀ ਸਬੰਧੀ ਕਈ ਸੁਝਾਅ ਦਿੱਤੇ ਗਏ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਸੀਂ ਸਾਰਾ ਡਾਟਾ ਜਨਤਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਵਾਰ ਵਾਧੂ ਸਿੱਖਿਆ ਬਜਟ ਵੀ ਆਇਆ ਹੈ ਅਤੇ ਪੰਜਾਬ ਦੇ ਸਕੂਲਾਂ ਵਿੱਚ ਕੋਈ ਵੀ ਵਿਕਾਸ ਕਾਰਜ ਰੁਕਿਆ ਨਹੀਂ ਹੈ। ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਭਲਕੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਕੱਲ੍ਹ ਬਹੁਤ ਮਹੱਤਵਪੂਰਨ ਦਿਨ ਹੈ। ਮਾਪੇ-ਅਧਿਆਪਕ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇੱਕ ਸਕੂਲ ਵਿੱਚ ਪਹੁੰਚ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਲ-ਨਾਲ ਸਕੂਲ ਦੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ।
ਇੰਨਾ ਹੀ ਨਹੀਂ ਮੰਤਰੀ ਅਤੇ ਵਿਧਾਇਕ ਵੀ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਵਿੱਚ ਪਹੁੰਚਣਗੇ। ਉਨ੍ਹਾਂ ਨਵੀਆਂ ਬਣੀਆਂ ਪੰਚਾਇਤਾਂ ਦੇ ਮੈਂਬਰਾਂ ਨੂੰ ਸਕੂਲਾਂ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਮਾਪੇ-ਅਧਿਆਪਕ ਮੀਟਿੰਗ ਦਾ ਮਕਸਦ ਪੰਜਾਬ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੀਤੇ ਕੰਮਾਂ ਬਾਰੇ ਜਾਣੂ ਕਰਵਾਉਣਾ ਹੈ ਅਤੇ ਬੱਚਿਆਂ ਦੀ ਛਿਮਾਹੀ ਪ੍ਰੀਖਿਆ ਦੇ ਨਤੀਜੇ ਪੇਸ਼ ਕੀਤੇ ਜਾਣਗੇ। ਸਕੂਲਾਂ ਵਿੱਚ ਕੀਤੀਆਂ ਤਬਦੀਲੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ।