ਹਰਿਆਣਾ: ਕਾਂਗਰਸ ਛੱਡਣ ਦੇ ਦੋ ਦਿਨ ਬਾਅਦ ਹਰਿਆਣਾ ਦੇ ਸਾਬਕਾ ਮੰਤਰੀ ਕੈਪਟਨ ਅਜੈ ਸਿੰਘ ਯਾਦਵ (Ajay Singh Yadav) ਬੀਤੇ ਦਿਨ ਆਪਣੇ ਫ਼ੈਸਲੇ ਤੋਂ ਪਿੱਛੇ ਹਟ ਗਏ। ਕੈਪਟਨ ਅਜੈ ਸਿੰਘ ਯਾਦਵ ਨੇ ਕਿਹਾ ਕਿ ਉਹ ਜਨਮ ਤੋਂ ਕਾਂਗਰਸੀ ਹਨ ਅਤੇ ਆਖਰੀ ਸਾਹ ਤੱਕ ਕਾਂਗਰਸੀ ਹੀ ਰਹਿਣਗੇ। ਅਜੈ ਸਿੰਘ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਿਹਾ ਕਿ ਉਨ੍ਹਾਂ ਦੇ ਬੇਟੇ ਅਤੇ ਸਾਬਕਾ ਵਿਧਾਇਕ ਚਿਰੰਜੀਵ ਰਾਓ ਨੇ ਉਨ੍ਹਾਂ ਨੂੰ ਅਤੀਤ ਨੂੰ ਭੁੱਲ ਕੇ ਪਾਰਟੀ ਦੇ ਹੱਕ ‘ਚ ਕੰਮ ਕਰਨ ਲਈ ਸਮਝਾਇਆ ਹੈ।
ਅਜੈ ਸਿੰਘ ਯਾਦਵ ਨੇ ਸੋਨੀਆ ਗਾਂਧੀ ਦੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣੇ ਨਾਲ ਖਰਾਬ ਵਿਵਹਾਰ ਕੀਤੇ ਜਾਣ ਦਾ ਦੋਸ਼ ਲਗਾਉਦੇ ਹੋਏ ਵੀਰਵਾਰ ਨੂੰ ਪਾਰਟੀ ਛੱਡ ਦਿੱਤੀ ਸੀ। ਉਨ੍ਹਾਂ ਕਾਂਗਰਸ ਕਮੇਟੀ ਦੇ ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਵਿਭਾਗ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਅਜੈ ਸਿੰਘ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ 38 ਸਾਲਾਂ ਤੱਕ ਕਾਂਗਰਸ ਦੀ ਸੇਵਾ ਕੀਤੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਨਹਿਰੂ-ਗਾਂਧੀ ਪਰਿਵਾਰ ਨਾਲ ‘70 ਸਾਲ ਤੋਂ ਵੱਧ ਦਾ ਸਬੰਧ’ ਰਿਹਾ ਹੈ।
ਅਜੈ ਸਿੰਘ ਯਾਦਵ ਨੇ ਕਿਹਾ, ‘ਮੈਂ ਆਪਣੇ ਨੇਤਾ ਮਰਹੂਮ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਕੰਮ ਕੀਤਾ ਹੈ। ਮੈਂ ਉਨ੍ਹਾਂ ਦਾ ਮੇਰੇ ਪ੍ਰਤੀ ਪਿਆਰ ਨੂੰ ਨਹੀਂ ਭੁੱਲ ਸਕਦਾ। ਮੈਂ ਜਨਮ ਤੋਂ ਹੀ ਕਾਂਗਰਸੀ ਹਾਂ ਅਤੇ ਆਖਰੀ ਸਾਹ ਤੱਕ ਕਾਂਗਰਸੀ ਹੀ ਰਹਾਂਗਾ।