ਬਿਲਾਸਪੁਰ/ਮੰਡੀ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 20 ਅਕਤੂਬਰ ਨੂੰ ਦਿੱਲੀ ਵਿੱਚ ਅੰਤਰਰਾਸ਼ਟਰੀ ਵੇਦਾਂਤਾ ਹਾਫ ਮੈਰਾਥਨ ਦਾ ਆਯੋਜਨ ਕੀਤਾ ਗਿਆ। ਹਿਮਾਚਲ ਦੇ ਦੌੜਾਕ ਸਾਵਨ ਬਰਵਾਲ ਨੇ ਇਹ 21 ਕਿਲੋਮੀਟਰ ਲੰਬੀ ਹਾਫ ਮੈਰਾਥਨ ਮਹਿਜ਼ 62 ਮਿੰਟਾਂ ਵਿੱਚ ਪੂਰੀ ਕੀਤੀ ਅਤੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਨੂੰ ਮੈਡਲ ਅਤੇ 4 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਹੈ। ਇਸ ਹਾਫ ਮੈਰਾਥਨ ‘ਚ ਸਾਵਨ ਨੇ ਕੀਨੀਆ, ਇਥੋਪੀਆ, ਬਹਿਰੀਨ, ਚੀਨ, ਜਾਪਾਨ ਅਤੇ ਯੂਗਾਂਡਾ ਵਰਗੇ ਦੇਸ਼ਾਂ ਦੇ ਮਸ਼ਹੂਰ ਐਥਲੀਟਾਂ ਨੂੰ ਹਰਾ ਕੇ ਇਹ ਉਪਲੱਬਧੀ ਹਾਸਲ ਕੀਤੀ ਹੈ।
ਸਾਵਨ ਬਰਵਾਲ ਜੋਗਿੰਦਰਨਗਰ ਦੇ ਚੌਂਤਾਰਾ ਬਲਾਕ ਦੇ ਪਿੰਡ ਰੱਡਾ-ਭਾਖੇੜ ਦਾ ਰਹਿਣ ਵਾਲਾ ਹੈ। ਕੁਲਦੀਪ ਬਰਵਾਲ ਅਤੇ ਸੁਭਦਰਾ ਦੇਵੀ ਦਾ ਪੁੱਤਰ ਸਾਵਨ ਇੱਕ ਹੋਣਹਾਰ ਅਥਲੀਟ ਹੈ। ਇਸ ਤੋਂ ਪਹਿਲਾਂ ਸਾਵਨ ਬਰਵਾਲ ਕੋਲਕਾਤਾ ਅਤੇ ਮੁੰਬਈ ‘ਚ ਹੋਈ ਹਾਫ ਮੈਰਾਥਨ ਵੀ ਜਿੱਤ ਚੁੱਕੇ ਹਨ। ਪਿਛਲੇ ਸਾਲ ਦਿੱਲੀ ਵਿੱਚ ਇਸੇ ਹਾਫ ਮੈਰਾਥਨ ਵਿੱਚ ਸਾਵਨ ਨੇ ਕਾਂਸੀ ਦਾ ਤਗਮਾ ਅਤੇ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਸੀ। ਖੇਲੋ ਇੰਡੀਆ ਦੇ ਸੂਬਾ ਸਰਵੋਤਮ ਸਿਖਲਾਈ ਕੇਂਦਰ ਲੁਹਣੂ-ਬਿਲਾਸਪੁਰ ਦੇ ਮੁੱਖ ਕੋਚ ਗੋਪਾਲ, ਸਾਵਨ ਕੁਮਾਰ ਦੇ ਟ੍ਰੇਨਰ ਰਹੇ ਹਨ। ਟ੍ਰੇਨਰ ਗੋਪਾਲ ਦਾ ਕਹਿਣਾ ਹੈ ਕਿ ਸਾਵਨ ਵਿੱਚ ਲਗਾਤਾਰ ਬਿਹਤਰ ਪ੍ਰਦਰਸ਼ਨ ਕਰਨ ਦੀ ਭੁੱਖ ਅਤੇ ਕਦੇ ਹਾਰ ਨਾ ਮੰਨਣ ਦੀ ਭਾਵਨਾ ਹੈ। ਸਾਵਨ ਇੱਕ ਬਹੁਤ ਹੀ ਮਿਹਨਤੀ ਅਥਲੀਟ ਹੈ ਅਤੇ ਉਨ੍ਹਾਂ ਦੀ ਮਿਹਨਤ ਰੰਗ ਲਿਆ ਰਹੀ ਹੈ।