ਨਵੀਂ ਦਿੱਲੀ : ਤਿਰੂਮਾਲਾ ‘ਚ ਵੀ.ਆਈ.ਪੀ ਦਰਸ਼ਨ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਇੱਕ ਪਰਿਵਾਰ ਨਾਲ 65,000 ਰੁਪਏ ਦੀ ਠੱਗੀ ਮਾਰੀ ਗਈ। ਤਿੰਨਾਂ ਵਿਅਕਤੀਆਂ ‘ਤੇ ਸ਼ਰਧਾਲੂਆਂ ਅਤੇ ਤਿਰੂਮਾਲਾ ਤਿਰੂਪਤੀ ਦੇਵਸਥਾਨਮ (TTD) ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ।
ਤੁਹਾਨੂੰ ਦੱਸ ਦੇਈਏ ਕਿ ਮੁਲਜ਼ਮਾਂ ਵਿੱਚੋਂ ਇੱਕ ਵਿਧਾਨ ਪ੍ਰੀਸ਼ਦ (MLC) ਦੀ ਮੈਂਬਰ ਮਾਇਆਨਾ ਜ਼ਕੀਆ ਖਾਨਮ ਅਤੇ ਉਸ ਦੀ ਲੋਕ ਸੰਪਰਕ ਅਧਿਕਾਰੀ ਕ੍ਰਿਸ਼ਨਾ ਤੇਜਾ ਹਨ। ਉਸ ‘ਤੇ ਬੈਂਗਲੁਰੂ ਦੇ ਇਕ ਸ਼ਰਧਾਲੂ ਪਰਿਵਾਰ ਨਾਲ 65,000 ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਟੀ.ਟੀ.ਡੀ ਦੇ 61 ਸਾਲਾ ਵਿਜੀਲੈਂਸ ਅਧਿਕਾਰੀ ਐੱਸ. ਪਦਮਨਾਭਨ ਨੇ ਇਸ ਮਾਮਲੇ ‘ਤੇ ਪੁਲਿਸ ਰਿਪੋਰਟ ਦਰਜ ਕਰਵਾਈ ਹੈ।
ਜਾਣਕਾਰੀ ਮੁਤਾਬਕ ਘਟਨਾ ਸ਼੍ਰੀਵਰੀ ਮੰਦਿਰ ਦੇ ਸਾਹਮਣੇ ਵਾਪਰੀ, ਜਿੱਥੇ ਪਰਿਵਾਰ ਨੂੰ ਵੀ.ਆਈ.ਪੀ ਦਰਸ਼ਨ ਅਤੇ ਵੇਦ ਆਸ਼ੀਰਵਾਦਮ ਟਿਕਟਾਂ ਦਾ ਵਾਅਦਾ ਕੀਤਾ ਗਿਆ ਸੀ। ਮੁਲਜ਼ਮਾਂ ਨੇ ਇਹ ਸਹੂਲਤਾਂ ਦੇਣ ਦੇ ਬਹਾਨੇ ਪਰਿਵਾਰ ਤੋਂ ਪੈਸੇ ਤਾਂ ਲਏ ਪਰ ਬਦਲੇ ਵਿੱਚ ਕੋਈ ਸੇਵਾ ਨਹੀਂ ਦਿੱਤੀ। ਇਸ ਧੋਖਾਧੜੀ ਤੋਂ ਪਰਿਵਾਰ ਬਹੁਤ ਨਿਰਾਸ਼ ਸੀ।
ਦਰਅਸਲ, ਇਹ ਧੋਖਾਧੜੀ 19 ਅਕਤੂਬਰ 2024 ਨੂੰ ਦੁਪਹਿਰ 12:10 ਵਜੇ ਤੋਂ ਪਹਿਲਾਂ ਹੋਈ ਸੀ। ਪੁਲਿਸ ਨੇ ਸ਼ਾਮ ਨੂੰ ਇਸ ਮਾਮਲੇ ਵਿੱਚ ਅਧਿਕਾਰਤ ਤੌਰ ’ਤੇ ਸ਼ਿਕਾਇਤ ਦਰਜ ਕਰ ਲਈ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ ਦਰਜ ਕਰ ਲਈ ਗਈ ਹੈ। ਪੁਲਿਸ ਨੇ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ, ਇਹ ਘਟਨਾ ਤਿਰੂਮਾਲਾ ਵਿਖੇ ਸ਼ਰਧਾਲੂਆਂ ਨਾਲ ਹੋਈ ਧੋਖਾਧੜੀ ਦੀ ਇੱਕ ਗੰਭੀਰ ਮਿਸਾਲ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।