ਕੇਰਲ: ਕੇਰਲ ਦੀਆਂ ਪਲੱਕੜ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਦੇ ਫ਼ੈਸਲੇ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਕਾਂਗਰਸ ਦੇ ਡਿਜੀਟਲ ਮੀਡੀਆ ਕਨਵੀਨਰ ਡਾ. ਪੀ. ਸਰੀਨ (Dr. P. Sareen) ਨੂੰ ਬੀਤੇ ਦਿਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਗਿਆ।
ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਨੇ ਇਹ ਫ਼ੈਸਲਾ ਉਸੇ ਸਮੇਂ ਲਿਆ ਜਦੋਂ ਸਰੀਨ ਨੇ ਪਲੱਕੜ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਖੱਬੇ ਜਮਹੂਰੀ ਮੋਰਚੇ (ਐੱਲ. ਡੀ. ਐੱਫ.) ਨਾਲ ਮਿਲ ਕੇ ਅੱਗੇ ਕੰਮ ਕਰਨ ਦਾ ਇਰਾਦਾ ਪ੍ਰਗਟਾਇਆ। ਸਰੀਨ ਜਦੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਤਾਂ ਵਿਰੋਧੀ ਧਿਰ ਦੇ ਨੇਤਾ ਵੀ. ਡੀ. ਸਤੀਸ਼ਨ, ਵਡਕਾਰਾ ਦੇ ਸੰਸਦ ਮੈਂਬਰ ਸ਼ਫੀ ਪਰਮਬਿਲ ਅਤੇ ਪਲੱਕੜ ਜ਼ਿਮਨੀ ਚੋਣਾਂ ਕਾਂਗਰਸ ਦੇ ਉਮੀਦਵਾਰ ਰਾਹੁਲ ਮਮਕੂਟਥਿਲ ਸਮੇਤ ਕਾਂਗਰਸੀ ਨੇਤਾਵਾਂ ’ਤੇ ਦੋਸ਼ ਲਗਾ ਰਹੇ ਸਨ।