ਨਵੀਂ ਦਿੱਲੀ: ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ (Maharashtra and Jharkhand Assembly Election) ਦੀਆਂ ਤਰੀਕਾਂ ਦਾ ਅੱਜ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ (The Election Commission) ਦੁਪਹਿਰ ਬਾਅਦ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ। ਚੋਣ ਕਮਿਸ਼ਨ ਵੱਲੋਂ ਦੁਪਹਿਰ ਬਾਅਦ ਪ੍ਰੈੱਸ ਕਾਨਫਰੰਸ ਬੁਲਾਈ ਗਈ ਹੈ। ਚੋਣ ਕਮਿਸ਼ਨ ਦੁਪਹਿਰ 3.30 ਵਜੇ ਦੋਵਾਂ ਰਾਜਾਂ ਵਿੱਚ ਨਾਮਜ਼ਦਗੀਆਂ, ਵਾਪਸੀ ਦੀਆਂ ਤਰੀਕਾਂ ਦੇ ਨਾਲ-ਨਾਲ ਪੋਲਿੰਗ ਅਤੇ ਚੋਣ ਨਤੀਜਿਆਂ ਦੀਆਂ ਤਰੀਕਾਂ ਦਾ ਪੂਰਾ ਸ਼ਡਿਊਲ ਜਾਰੀ ਕਰੇਗਾ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਚੋਣਾਂ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੋਣ ਕਮਿਸ਼ਨ ਦੀ ਟੀਮ ਨੇ ਕੁਝ ਸਮਾਂ ਪਹਿਲਾਂ ਦੋਵਾਂ ਰਾਜਾਂ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਯੂ.ਪੀ ਦੀਆਂ 10 ਸੀਟਾਂ ਲਈ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ ਹੋ ਸਕਦਾ ਹੈ।
26 ਨਵੰਬਰ ਨੂੰ ਖਤਮ ਹੋ ਰਹੀ ਹੈ ਮਿਆਦ
ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ। ਅਜਿਹੇ ਵਿੱਚ ਸਿਆਸੀ ਪਾਰਟੀਆਂ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣ ਵਿੱਚ ਜੁਟੀਆਂ ਹੋਈਆਂ ਹਨ। ਮਹਾਰਾਸ਼ਟਰ ‘ਚ ਮੁੱਖ ਮੁਕਾਬਲਾ ਮਹਾ ਵਿਕਾਸ ਅਘਾੜੀ ਅਤੇ ਮਹਾਯੁਤੀ ਵਿਚਾਲੇ ਹੈ। ਮਹਾ ਵਿਕਾਸ ਅਗਾੜੀ ਵਿੱਚ ਕਾਂਗਰਸ, ਐਨ.ਸੀ.ਪੀ. ਸ਼ਰਦ ਪਵਾਰ ਧੜਾ, ਸ਼ਿਵ ਸੈਨਾ ਯੂ.ਬੀ.ਟੀ. ਸ਼ਾਮਲ ਹਨ। ਮਹਾਗਠਜੋੜ ਵਿਚ ਭਾਜਪਾ ਤੋਂ ਇਲਾਵਾ ਸ਼ਿਵ ਸੈਨਾ ਦਾ ਸ਼ਿੰਦੇ ਧੜਾ ਵੀ ਭਾਈਵਾਲ ਹੈ। ਅਜੀਤ ਪਵਾਰ ਦਾ ਐਨ.ਸੀ.ਪੀ. ਗਰੁੱਪ ਵੀ ਮਹਾਯੁਤੀ ਦਾ ਹਿੱਸਾ ਹੈ। ਮਹਾਰਾਸ਼ਟਰ ‘ਚ 288 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ।
ਝਾਰਖੰਡ: ਪਿਛਲੀ ਵਾਰ 5 ਪੜਾਵਾਂ ਵਿੱਚ ਹੋਈਆਂ ਸਨ ਚੋਣਾਂ
ਝਾਰਖੰਡ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 5 ਜਨਵਰੀ ਨੂੰ ਖਤਮ ਹੋ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਨੇ ਹਾਲ ਹੀ ਵਿੱਚ ਆਪਣੀ ਟੀਮ ਨਾਲ ਸੂਬੇ ਦਾ ਦੌਰਾ ਕੀਤਾ ਸੀ। ਝਾਰਖੰਡ ਵਿੱਚ ਤਾਰੀਖਾਂ ਦਾ ਐਲਾਨ ਦੀਵਾਲੀ ਅਤੇ ਛਠ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾਵੇਗਾ। ਰਾਜ ਦੀਆਂ ਸਿਆਸੀ ਪਾਰਟੀਆਂ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਸੀ। ਰਾਜ ਵਿੱਚ ਸਾਲ 2019 ਵਿੱਚ 5 ਪੜਾਵਾਂ ਵਿੱਚ ਵੋਟਿੰਗ ਹੋਈ ਸੀ। ਝਾਰਖੰਡ ਵਿੱਚ 81 ਵਿਧਾਨ ਸਭਾ ਸੀਟਾਂ ਹਨ।
ਯੂ.ਪੀ ਦੀਆਂ 10 ਸੀਟਾਂ ‘ਤੇ ਹੋਣੀਆਂ ਹਨ ਉਪ ਚੋਣਾਂ
ਦੋ ਰਾਜਾਂ ਦੇ ਨਾਲ-ਨਾਲ ਚੋਣ ਕਮਿਸ਼ਨ ਯੂ.ਪੀ ਵਿੱਚ ਹੋਣ ਵਾਲੀਆਂ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ ਕਰ ਸਕਦਾ ਹੈ। ਯੂ.ਪੀ ਦੀਆਂ 10 ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ। ਇਨ੍ਹਾਂ 10 ਸੀਟਾਂ ‘ਚ ਕਰਹਾਲ, ਸਿਸਮਾਊ, ਫੂਲਪੁਰ, ਮੈਨਪੁਰੀ ਦੀ ਕਟੇਹਾਰੀ, ਮਿਰਜ਼ਾਪੁਰ ਦੀ ਮਾਝਵਾਨ, ਅਯੁੱਧਿਆ ਦੀ ਮਿਲਕੀਪੁਰ, ਗਾਜ਼ੀਆਬਾਦ ਸਦਰ, ਖੈਰ (ਰਾਖਵੀਂ), ਮੁਜ਼ੱਫਰਨਗਰ ਦੀ ਮੀਰਾਪੁਰ ਅਤੇ ਮੁਰਾਦਾਬਾਦ ਦੀ ਕੁੰਡਰਕੀ ਸੀਟ ਸ਼ਾਮਲ ਹਨ।