ਜਲੰਧਰ: ਜਲੰਧਰ ਦਾ ਮਸ਼ਹੂਰ ਕੁਲ੍ਹੜ ਪੀਜ਼ਾ ਕਪਲ (Famous Kullar Pizza Couple) ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਬਾਬਾ ਬੁੱਢਾ ਗਰੁੱਪ ਦੇ ਨਿਹੰਗ ਸਿੰਘਾਂ ਵੱਲੋਂ ਕੁਲ੍ਹੜ ਪੀਜ਼ਾ ਜੋੜੇ ਦੀ ਦੁਕਾਨ ਦੇ ਬਾਹਰ ਹੰਗਾਮਾ ਕੀਤਾ ਗਿਆ। ਇਸ ਤੋਂ ਬਾਅਦ ਹੁਣ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੇ ਹਾਈਕੋਰਟ ਦਾ ਰੁਖ ਕੀਤਾ ਹੈ। ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਦੱਸ ਦੇਈਏ ਕਿ ਨਿਹੰਗ ਸਿੰਘਾਂ ਨੇ ਕੁਲ੍ਹੜ ਪੀਜ਼ਾ ਜੋੜੇ ਦੀ ਦੁਕਾਨ ਦੇ ਬਾਹਰ ਹੰਗਾਮਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਸਹਿਜ ਅਰੋੜਾ ਨੇ ਵੀਡੀਓ ਬਣਾਉਣੀ ਹੈ ਤਾਂ ਬਿਨਾਂ ਦਸਤਾਰ ਦੇ ਬਣਾਈ ਜਾਵੇ ਕਿਉਂਕਿ ਉਨ੍ਹਾਂ ਦੀ ਇਹ ਕਾਰਵਾਈ ਸਿੱਖ ਕੌਮ ਦਾ ਅਪਮਾਨ ਕਰ ਰਹੀ ਹੈ। ਇਸ ਤੋਂ ਬਾਅਦ ਸਹਿਜ ਅਰੋੜਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਹ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਸੌਂਪਣਗੇ ਅਤੇ ਪੁੱਛਣਗੇ ਕਿ ਉਨ੍ਹਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਹੈ ਜਾਂ ਨਹੀਂ। ਇਸ ਤੋਂ ਬਾਅਦ ਨਿਹੰਗ ਸਿੰਘ ਮਾਨ ਨੇ ਕਿਹਾ ਸੀ ਕਿ ਜੇਕਰ ਪੁਲਿਸ ਨੇ 18 ਅਕਤੂਬਰ ਤੱਕ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਤਾਂ ਉਹ ਜੋੜੇ ਦਾ ਰੈਸਟੋਰੈਂਟ ਬੰਦ ਕਰ ਦੇਣਗੇ।