ਚੰਡੀਗੜ੍ਹ : ਹਰਿਆਣਾ ‘ਚ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ (The Swearing-In Ceremony) ‘ਚ ਜਾਣ ਵਾਲੇ ਲੋਕਾਂ ਨੂੰ ਪੇਟ ਭਰ ਖਾਣਾ ਮਿਲੇਗਾ । ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ (The District Administration) ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 22 ਜ਼ਿਲ੍ਹਿਆਂ ਤੋਂ 17 ਅਕਤੂਬਰ ਨੂੰ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਪੈਕਡ ਭੋਜਨ ਅਤੇ ਪਾਣੀ ਦਿੱਤਾ ਜਾਵੇ।
ਦੱਸਣਯੋਗ ਹੈ ਕਿ ਹਰਿਆਣਾ ਵਿੱਚ 17 ਅਕਤੂਬਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਰਾਹੀਂ ਐਨ.ਡੀ.ਏ. ਵੀ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੇਗਾ। ਇਹੀ ਕਾਰਨ ਹੈ ਕਿ ਭਾਜਪਾ ਦੇ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ 11 ਭਾਜਪਾ ਸ਼ਾਸਿਤ ਰਾਜਾਂ ਅਤੇ ਐਨ.ਡੀ.ਏ. ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ, ਐਨ.ਡੀ.ਏ. ਦੇ ਹਿੱਸੇਦਾਰ ਪਾਰਟੀਆਂ ਦੇ ਮੁਖੀ ਵੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਇਸ ਸਬੰਧੀ ਮੁੱਖ ਮੰਤਰੀ ਦੇ ਸਾਬਕਾ ਮੀਡੀਆ ਸਕੱਤਰ ਪ੍ਰਵੀਨ ਆਤ੍ਰੇਯ ਨੇ ਦੱਸਿਆ ਕਿ ਸਮਾਗਮ ਵਿੱਚ ਡਰੋਨ ਦੀਦੀ, ਅਗਾਂਹਵਧੂ ਕਿਸਾਨਾਂ, ਸਫਾਈ ਸੇਵਕਾਂ, ਉਦਯੋਗਪਤੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਅਤੇ ਪ੍ਰਮੁੱਖ ਖਿਡਾਰੀਆਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ।