ਅੰਮ੍ਰਿਤਸਰ : ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਅੱਜ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ। ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੁੱਖ ਸਕੱਤਰ ਸਿਨਹਾ ਨੇ ਪਵਿੱਤਰ ਅਸਥਾਨ ਦੀ ਪਰਿਕਰਮਾ ਕੀਤੀ ਅਤੇ ਗੁਰਬਾਣੀ ਦਾ ਇਲਾਹੀ ਕੀਰਤਨ ਸਰਵਣ ਕੀਤਾ। ਇਸ ਉਪਰੰਤ ਸੂਚਨਾ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਣ ਉਪਰੰਤ ਮੰਦਰ ਕਮੇਟੀ ਵੱਲੋਂ ਮੁੱਖ ਸਕੱਤਰ ਦਾ ਸਨਮਾਨ ਵੀ ਕੀਤਾ ਗਿਆ।
ਮੁੱਖ ਸਕੱਤਰ ਸਿਨਹਾ ਨੇ ਕਿਹਾ ਕਿ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਹ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਨ ਅਤੇ ਸੇਵਾ ਕਰਨ ਲਈ ਗੁਰੂ ਘਰ ਤੋਂ ਅਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਮਾਤਮਾ ਤੋਂ ਅਸੀਸ ਮੰਗੀ ਹੈ ਕਿ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ, ਐਸ.ਡੀ.ਐਮ. ਮਨਕੰਵਲ ਸਿੰਘ ਚਾਹਲ ਅਤੇ ਡੀ.ਸੀ.ਪੀ. ਹਰਪ੍ਰੀਤ ਸਿੰਘ ਮੰਡੇਰ ਵੀ ਹਾਜ਼ਰ ਸਨ।