ਚੰਡੀਗੜ੍ਹ : ਹਰਿਆਣਾ ਦੀ 15ਵੀਂ ਵਿਧਾਨ ਸਭਾ (15th Haryana Vidhan Sabha) ਦੇ ਗਠਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ 17 ਅਕਤੂਬਰ ਨੂੰ ਦੁਸਹਿਰਾ ਗਰਾਊਂਡ, ਪੰਚਕੂਲਾ ਵਿਖੇ ਤੈਅ ਕੀਤਾ ਗਿਆ ਹੈ। ਹਰਿਆਣਾ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਨੇ ਸੱਤਾ ਅਤੇ ਰਾਜਨੀਤੀ ਦਾ ਇਤਿਹਾਸ ਰਚਿਆ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਇਸ ਪਲ ਨੂੰ ਯਾਦਗਾਰ ਬਣਾਉਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕਰਨਗੇ।
ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਪੰਚਕੂਲਾ ਦੇ ਦੁਸਹਿਰਾ ਗਰਾਊਂਡ ‘ਚ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ। ਰਾਵਣ ਦਹਿਣ ਤੋਂ ਬਾਅਦ ਮੈਦਾਨ ਖਾਲੀ ਹੋਣ ਕਾਰਨ ਪ੍ਰਸ਼ਾਸਨ ਹੁਣ ਥੋੜ੍ਹੇ ਸਮੇਂ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਵਿੱਚ ਜੁਟਿਆ ਹੋਇਆ ਹੈ। ਪ੍ਰਸ਼ਾਸਨ ਇਸ ਦੀਆਂ ਤਿਆਰੀਆਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਪ੍ਰਧਾਨ ਮੰਤਰੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਵਾਲੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਗਰਾਊਂਡ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਬੈਠਣ ਦੀ ਵਿਵਸਥਾ ਹੈ। ਇਸ ਲਈ ਇਸ ਮੈਦਾਨ ਦੀ ਚੋਣ ਕੀਤੀ ਗਈ ਹੈ।
ਪ੍ਰੋਗਰਾਮ ਵਾਲੀ ਥਾਂ ਅਤੇ ਆਲੇ-ਦੁਆਲੇ ਮੌਜੂਦ ਭਾਰੀ ਅਤੇ ਪੱਤੇਦਾਰ ਦਰੱਖਤਾਂ ਦੀ ਛਾਂਟੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਇਨ੍ਹਾਂ ਵਿੱਚ ਛੁਪ ਨਾ ਸਕੇ। ਇਸ ਕਾਰਨ ਸਮਾਗਮ ਵਾਲੀ ਥਾਂ ਅਤੇ ਆਲੇ-ਦੁਆਲੇ ਸੰਘਣੇ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਹੁੰ ਚੁੱਕ ਸਮਾਗਮ ਲਈ ਪਹਿਲਾਂ 12 ਅਕਤੂਬਰ ਅਤੇ ਫਿਰ 15 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਸੀ ਪਰ ਪ੍ਰਧਾਨ ਮੰਤਰੀ ਦੀ ਆਮਦ ਕਾਰਨ ਇਸ ਤਰੀਕ ਨੂੰ ਬਦਲ ਕੇ 17 ਅਕਤੂਬਰ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਅਤੇ ਉਨ੍ਹਾਂ ਨੂੰ ਦੇਖਣ ਅਤੇ ਸੁਣਨ ਦੇ ਚਾਹਵਾਨ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਆਉਣ ਵਾਲੇ ਲੋਕਾਂ ਦੇ ਕਾਰਨ ਸਹੁੰ ਚੁੱਕ ਸਮਾਗਮ ਦਾ ਸਥਾਨ ਪਰੇਡ ਗਰਾਊਂਡ ਤੋਂ ਬਦਲ ਕੇ ਪੰਚਕੂਲਾ ਦੇ ਦੁਸਹਿਰਾ ਗਰਾਊਂਡ ਕਰ ਦਿੱਤਾ ਗਿਆ ਹੈ।
10 ਤੋਂ 11 ਮੰਤਰੀ ਚੁੱਕ ਸਕਦੇ ਹਨ ਸਹੁੰ
ਮੁੱਖ ਮੰਤਰੀ ਨਾਇਬ ਸਿੰਘ ਸਮੇਤ ਹਰਿਆਣਾ ਕੈਬਨਿਟ ਦੇ 10 ਤੋਂ 11 ਮੰਤਰੀ ਵੀ 17 ਅਕਤੂਬਰ ਨੂੰ ਸਹੁੰ ਚੁੱਕ ਸਕਦੇ ਹਨ। ਭਾਵੇਂ ਹਰਿਆਣਾ ਵਿੱਚ ਮੁੱਖ ਮੰਤਰੀ ਸਮੇਤ ਕੁੱਲ 14 ਮੰਤਰੀ ਬਣਾਏ ਜਾ ਸਕਦੇ ਹਨ ਪਰ ਬਾਅਦ ਵਿੱਚ 2-3 ਮੰਤਰੀਆਂ ਨੂੰ ਸਹੁੰ ਚੁਕਾਏ ਜਾਣ ਦੀ ਚਰਚਾ ਹੈ।
ਅਧਿਕਾਰੀ ਕਰ ਰਹੇ ਹਨ ਦੌਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਸਮਾਗਮ ਵਾਲੀ ਥਾਂ ‘ਤੇ ਪਹੁੰਚ ਰਹੇ ਹਨ, ਤਾਂ ਜੋ ਪ੍ਰੋਗਰਾਮ ਨੂੰ ਸ਼ਾਨਦਾਰ ਰੂਪ ਦਿੱਤਾ ਜਾ ਸਕੇ। ਚਰਚਾ ਹੈ ਕਿ ਜਿਨ੍ਹਾਂ 20 ਹਜ਼ਾਰ ਨੌਜਵਾਨਾਂ ਨੂੰ ਸਰਕਾਰ ਵੱਲੋਂ ਨੌਕਰੀ ਜੁਆਇਨਿੰਗ ਲੈਟਰ ਦਿੱਤੇ ਜਾਣੇ ਹਨ, ਉਨ੍ਹਾਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਸੰਗਠਨ ਨਾਲ ਜੁੜੇ ਲੋਕ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨਗੇ।