ਛਤਰਪੁਰ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਗੀਤਾ ਜਯੰਤੀ ਐਕਸਪ੍ਰੈਸ ਟਰੇਨ (Geeta Jayanti Express Train) ਦੇ ਇੱਕ ਡੱਬੇ ਵਿੱਚ ਅੱਗ ਲੱਗ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਗਿਆ। ਅਧਿਕਾਰੀ ਮੁਤਾਬਕ ਜ਼ਿਲਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਈਸ਼ਾਨਗਰ ਪੁਿਲਸ ਸਟੇਸ਼ਨ ਨੇੜੇ ਸਵੇਰੇ 7:30 ਵਜੇ ਟਰੇਨ ਦੇ ਇਕ ਡੱਬੇ ‘ਚ ਅੱਗ ਲੱਗ ਗਈ। ਸਟੇਸ਼ਨ ਮਾਸਟਰ ਆਸ਼ੀਸ਼ ਯਾਦਵ ਨੇ ਦੱਸਿਆ ਕਿ ਇਸ ਘਟਨਾ ਕਾਰਨ ਟਰੇਨ ਕਰੀਬ ਇਕ ਘੰਟਾ ਦੇਰੀ ਨਾਲ ਪੁੱਜੀ।
ਕੁਰੂਕਸ਼ੇਤਰ ਅਤੇ ਖਜੂਰਾਹੋ ਵਿਚਕਾਰ ਚੱਲ ਰਹੀ ਗੀਤਾ ਜੈਅੰਤੀ ਐਕਸਪ੍ਰੈੱਸ ਨੂੰ ਈਸ਼ਾਨਗਰ ਸਟੇਸ਼ਨ ‘ਤੇ ਦੋ ਮਿੰਟ ਰੁਕਣਾ ਪਿਆ ਸੀ। ਅਧਿਕਾਰੀ ਨੇ ਦੱਸਿਆ ਕਿ ਗੀਤਾ ਜੈਅੰਤੀ ਐਕਸਪ੍ਰੈਸ (11842) ਜਿਵੇਂ ਹੀ ਅੱਗੇ ਵਧੀ ਤਾਂ ਰੇਲਵੇ ਸਟਾਫ ਨੇ ਟਰੇਨ ਦੇ ਡੀ5 ਕੋਚ ‘ਚੋਂ ਧੂੰਆਂ ਨਿਕਲਦਾ ਦੇਖਿਆ। ਉਨ੍ਹਾਂ ਦੱਸਿਆ ਕਿ ਰੇਲਵੇ ਮੁਲਾਜ਼ਮਾਂ ਨੇ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕਰਕੇ ਅੱਗ ’ਤੇ ਕਾਬੂ ਪਾਇਆ। ਯਾਦਵ ਨੇ ਦੱਸਿਆ ਕਿ ਕੰਪਾਰਟਮੈਂਟ ਦੇ ਹੇਠਾਂ ਰਬੜ ਗਰਮ ਹੋਣ ਕਾਰਨ ਅੱਗ ਲੱਗੀ। ਉਨ੍ਹਾਂ ਦੱਸਿਆ ਕਿ ਡੱਬੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।