ਗੜ੍ਹਸ਼ੰਕਰ : ਏ.ਟੀ.ਐੱਮ ਮਸ਼ੀਨ ‘ਚ ਫਸਿਆ ਕਾਰਡ ਕੱਢਣ ਦੇ ਬਹਾਨੇ ਦੋ ਠੱਗਾਂ ਨੇ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਦਾ ਏ.ਟੀ.ਐੱਮ ਕਾਰਡ ਬਦਲ ਕੇ ਉਸ ਦੇ ਖਾਤੇ ‘ਚੋਂ 43 ਹਜ਼ਾਰ ਰੁਪਏ ਕਢਵਾ ਲਏ, ਜਿਸ ਸਬੰਧੀ ਉਕਤ ਪੁਲਿਸ ਮੁਲਾਜ਼ਮਾਂ ਨੇ ਥਾਣਾ ਮਾਹਿਲਪੁਰ ‘ਚ ਸ਼ਿਕਾਇਤ ਦਿੱਤੀ ਹੈ। ਪੁਲਿਸ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਵਿੱਚ ਕੈਦ ਹੋਏ ਦੋਵਾਂ ਠੱਗਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਸ਼ ਲਾਲ ਪੁੱਤਰ ਰਾਮ ਲਾਲ ਵਾਸੀ ਮਜਾਰਾ ਡੇਗਰੀਆਂ ਨੇ ਗੜ੍ਹਸ਼ੰਕਰ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਘਰੇਲੂ ਖਰਚੇ ਲਈ ਪੈਸੇ ਕਢਵਾਉਣ ਲਈ ਪੀ.ਐਨ.ਬੀ ਬੈਂਕ ਸੈਲਾ ਗਿਆ ਸੀ ਅਤੇ ਜਦੋਂ ਉਹ ਪੈਸੇ ਕਢਵਾ ਰਿਹਾ ਸੀ ਤਾਂ ਉਥੇ ਖੜ੍ਹੇ ਦੋ ਵਿਅਕਤੀਆਂ ਨੇ ਪਿੰਨ ਦੇਖਿਆ। ਇਸ ਤੋਂ ਬਾਅਦ ਉਸ ਦਾ ਏ.ਟੀ.ਐਮ ਕਾਰਡ ਮਸ਼ੀਨ ਵਿੱਚ ਫਸ ਗਿਆ, ਜਿਸ ਵਿੱਚੋਂ ਇੱਕ ਨੇ ਕਾਰਡ ਕੱਢਣ ਦੇ ਬਹਾਨੇ ਹੱਥੋਪਾਈ ਦਿਖਾ ਕੇ ਏ.ਟੀ.ਐਮ ਕਾਰਡ ਬਦਲ ਦਿੱਤਾ।
ਜਗਦੀਸ਼ ਲਾਲ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੇ ਫੋਨ ’ਤੇ ਸੁਨੇਹਾ ਆਇਆ ਕਿ ਉਸ ਦੇ ਖਾਤੇ ’ਚੋਂ ਦੋ ਵਾਰ 20 ਹਜ਼ਾਰ ਅਤੇ ਫਿਰ 3 ਹਜ਼ਾਰ ਰੁਪਏ ਕਢਵਾ ਲਏ ਗਏ ਹਨ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਬੈਂਕ ਵਿੱਚ ਕੰਮ ਕਰਦੇ ਆਪਣੇ ਇੱਕ ਰਿਸ਼ਤੇਦਾਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜੋ ਏ.ਟੀ.ਐਮ ਕਾਰਡ ਉਸ ਕੋਲ ਹੈ, ਉਹ ਲੁਧਿਆਣਾ ਦੇ ਗੁਰਇਕਬਾਲ ਸਿੰਘ ਦਾ ਹੈ, ਜਿਸ ਨੇ ਉਸ ਦੇ ਖਾਤੇ ਵਿੱਚੋਂ 42 ਹਜ਼ਾਰ ਰੁਪਏ ਕਢਵਾਏ ਹੋਣ ਕਾਰਨ ਉਸ ਦਾ ਕਾਰਡ ਬਲਾਕ ਕਰ ਦਿੱਤਾ ਹੈ। ਜਗਦੀਸ਼ ਲਾਲ ਨੇ ਦੱਸਿਆ ਕਿ ਬੈਂਕ ਤੋਂ ਪਤਾ ਲੱਗਾ ਹੈ ਕਿ ਉਕਤ ਧੋਖੇਬਾਜ਼ ਨੇ ਰਾਹੋਂ ਦੇ ਨਿੱਜੀ ਬੈਂਕ ਦੇ ਏ.ਟੀ.ਐਮ ਤੋਂ ਉਸ ਦੇ ਖਾਤੇ ‘ਚੋਂ ਪੈਸੇ ਕਢਵਾ ਲਏ ਹਨ । ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਕਿ ਉਸ ਦਾ ਏ.ਟੀ.ਐਮ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲੇ ਧੋਖੇਬਾਜ਼ਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਮਾਹਿਲਪੁਰ ਦੇ ਐਸ.ਐਚ.ਓ ਰਮਨ ਕੁਮਾਰ ਨੇ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਠੱਗਾਂ ਦੀ ਭਾਲ ਕੀਤੀ ਜਾ ਰਹੀ ਹੈ।