Home ਸੰਸਾਰ ਜ਼ਾਕਿਰ ਨਾਇਕ ਨੇ ਪਾਕਿਸਤਾਨ ਜਾ ਕੇ ਭਾਰਤ ਦੀ ਕੀਤੀ ਤਾਰੀਫ਼

ਜ਼ਾਕਿਰ ਨਾਇਕ ਨੇ ਪਾਕਿਸਤਾਨ ਜਾ ਕੇ ਭਾਰਤ ਦੀ ਕੀਤੀ ਤਾਰੀਫ਼

0

ਪਾਕਿਸਤਾਨ : ਵਿਵਾਦਤ ਇਸਲਾਮਿਕ ਵਿਦਵਾਨ ਜ਼ਾਕਿਰ ਨਾਇਕ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੀ ਸਖ਼ਤ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਦਰਅਸਲ, ਨਾਇਕ ਇਨ੍ਹੀਂ ਦਿਨੀਂ ਪਾਕਿਸਤਾਨ ਦੇ ਦੌਰੇ ‘ਤੇ ਹਨ। ਨਾਇਕ ਦਾ ਦੋਸ਼ ਹੈ ਕਿ ਏਅਰਲਾਈਨਜ਼ ਨੇ ਉਸ ਦੇ ਵਾਧੂ ਸਮਾਨ ਦੀ ਫੀਸ ਮੁਆਫ ਨਹੀਂ ਕੀਤੀ। ਇਸ ਮੁੱਦੇ ‘ਤੇ ਉਨ੍ਹਾਂ ਨੇ ਪਾਕਿਸਤਾਨ ਦਾ ਮਜ਼ਾਕ ਉਡਾਉਂਦੇ ਹੋਏ ਭਾਰਤ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ।

ਵੀਡੀਓ ‘ਚ ਨਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ‘ਚ ਓਨਾ ਸਨਮਾਨ ਨਹੀਂ ਮਿਲਿਆ ਜਿੰਨਾ ਭਾਰਤ ‘ਚ ਮਿਲਿਆ ਹੈ। ਉਨ੍ਹਾਂ ਇਹ ਟਿੱਪਣੀ ਉਦੋਂ ਕੀਤੀ ਜਦੋਂ ਉਹ ਪਾਕਿਸਤਾਨ ਸਰਕਾਰ ਦੇ ਸੱਦੇ ‘ਤੇ ਇਕ ਪ੍ਰੋਗਰਾਮ ‘ਚ ਹਿੱਸਾ ਲੈਣ ਆਏ ਸਨ। ਨਾਇਕ ਨੇ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਆ ਰਿਹਾ ਸੀ ਤਾਂ ਉਸ ਕੋਲ ਕਰੀਬ 1000 ਕਿਲੋ ਸਾਮਾਨ ਸੀ, ਜਿਸ ਵਿੱਚੋਂ 500 ਤੋਂ 600 ਕਿਲੋ ਜ਼ਿਆਦਾ ਸੀ। ਜਿਸ ‘ਤੇ ਪੀ.ਆਈ.ਏ ਨੇ ਨਾਇਕ ਨੂੰ ਵਾਧੂ ਸਾਮਾਨ ‘ਤੇ 50 ਫੀਸਦੀ ਦੀ ਛੋਟ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸੀ।

ਨਾਇਕ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਛੋਟ ਦੇਣੀ ਹੀ ਹੈ ਤਾਂ ਪੂਰੀ ਤਰ੍ਹਾਂ ਮੁਫਤ ਕਰੋ, ਨਹੀਂ ਤਾਂ ਪੂਰੀ ਰਕਮ ਲੈ ਲਓ। ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਪਾਕਿਸਤਾਨ ਵਿਚ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਮਿਲਿਆ ਜਿਸ ਦੀ ਉਨ੍ਹਾਂ ਨੂੰ ਉਮੀਦ ਸੀ। ਭਾਰਤ ਵਿੱਚ ਭਗੌੜਾ ਐਲਾਨੇ ਗਏ ਨਾਇਕ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਏਅਰਲਾਈਨਜ਼ ਅਕਸਰ ਉਨ੍ਹਾਂ ਦੇ ਵਾਧੂ ਸਮਾਨ ‘ਤੇ ਕਿਰਾਏ ਮੁਆਫ ਕਰ ਦਿੰਦੀਆਂ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ ਅਤੇ ਉਨ੍ਹਾਂ ਦੀ ਤਿੱਖੀ ਆਲੋਚਨਾ ਕੀਤੀ। ਨਾਇਕ ਦੇ ਵਿਵਾਦਤ ਬਿਆਨ ਨੇ ਪਾਕਿਸਤਾਨ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ।

Exit mobile version