ਜਲੰਧਰ : ਪੰਜਾਬ ‘ਚ ਪਿਆਜ਼ ਦੀਆਂ ਕੀਮਤਾਂ ਇਸ ਸਮੇਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਦੇ ਮੱਦੇਨਜ਼ਰ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਨੇ ਲੋਕਾਂ ਨੂੰ ਸਸਤੇ ਪਿਆਜ਼ ਮੁਹੱਈਆ ਕਰਵਾਉਣ ਲਈ ਅਹਿਮ ਕਦਮ ਚੁੱਕੇ ਹਨ। ਅੱਜ ਜਲੰਧਰ ‘ਚ ਸਰਕਾਰ ਵੱਲੋਂ ਪਿਆਜ਼ ਸਿਰਫ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ।
ਜਾਣਕਾਰੀ ਅਨੁਸਾਰ ਮਕਸੂਦਾਂ ਸਬਜ਼ੀ ਮੰਡੀ ਵਿੱਚ ਫਲ ਮੰਡੀ ਦੀ ਦੁਕਾਨ ਨੰਬਰ 78 ਵਿੱਚ ਨੈਫੇਡ ਦਾ ਕਾਊਂਟਰ ਲਗਾਇਆ ਜਾਵੇਗਾ, ਜਿਸ ’ਤੇ ਲੋਕਾਂ ਨੂੰ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਐਨ.ਸੀ.ਸੀ.ਐਫ. (ਨੈਸ਼ਨਲ ਕੋ-ਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ) ਨੇ ਵੀ ਸਸਤੇ ਭਾਅ ‘ਤੇ ਆਟਾ ਅਤੇ ਦਾਲਾਂ ਮੁਹੱਈਆ ਕਰਵਾਈਆਂ ਹਨ।
ਏਜੰਟ ਸਿਲਕੀ ਭਾਰਤੀ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਦੁਕਾਨ ਨੰਬਰ 78 ਸਥਿਤ ਨੈਫੇਡ ਕਾਊਂਟਰ ‘ਤੇ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਵੇਚਿਆ ਜਾਵੇਗਾ। ਘਰ ਦਾ ਇੱਕ ਮੈਂਬਰ ਇੱਕ ਕਿੱਲੋ ਪਿਆਜ਼ ਲੈ ਸਕਦਾ ਹੈ ਜਦਕਿ ਬਾਕੀ ਮੈਂਬਰਾਂ ਨੂੰ ਵੀ ਆਪਣੇ ਨਾਂ ‘ਤੇ ਪਿਆਜ਼ ਦੇਣ ਦੀ ਇਜਾਜ਼ਤ ਹੋਵੇਗੀ।