ਪਟਿਆਲਾ : ਪਟਿਆਲਾ-ਕੈਥਲ ਹਾਈਵੇਅ ’ਤੇ ਪੈਂਦੇ ਪਿੰਡ ਕੁਲੇ ਮਾਜਰਾ ਬੀੜ ਵਿੱਚ ਦੋ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ‘ਚ 2 ਔਰਤਾਂ ਦੀ ਮੌਤ ਅਤੇ 5 ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਘਿਓਰਾ ਨੇ ਦੱਸਿਆ ਕਿ ਉਸ ਦਾ ਜਵਾਈ ਹਰਿੰਦਰ ਸਿੰਘ (38) ਆਪਣੇ ਮਾਤਾ-ਪਿਤਾ ਨਾਲ ਵਿਆਹ ਸਮਾਗਮ ‘ਚ ਸ਼ਾਮਲ ਹੋਣ ਉਪਰੰਤ ਸਵਿਫਟ ਕਾਰ ਪੀ.ਬੀ. 11 ਡੀ.ਈ.-8138 ‘ਚ ਆਪਣੇ ਪਿੰਡ ਘਨੌਰ ਨੇੜੇ ਲਾਲੋਦੀਪੁਰ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਕੁਲੇ ਮਾਜਰਾ ਬੀੜ ਨੇੜੇ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ ਕਾਰ ਐਚ.ਆਰ. 09 ਈ 0911 ਨਾਲ ਭਿਆਨਕ ਅਤੇ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਜਵਾਈ ਹਰਿੰਦਰ ਸਿੰਘ ਪੁੱਤਰ ਚੇਤਨ ਸਿੰਘ ਅਤੇ ਉਸ ਦੀ ਮਾਤਾ ਜਸਪਾਲ ਕੌਰ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦੂਜੀ ਗੱਡੀ ਪਟਿਆਲਾ ਤੋਂ ਚੀਕਾ (ਹਰਿਆਣਾ) ਜਾ ਰਹੀ ਸੀ, ਜਿਸ ਵਿਚ ਸਵਾਰ 55 ਸਾਲਾ ਪੂਨਮ ਕੁਮਾਰੀ ਪਤਨੀ ਪਵਨ ਕੁਮਾਰ ਦੀ ਮੌਤ ਹੋ ਗਈ ਅਤੇ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਥਾਣਾ ਸਦਰ ਦੀ ਪੁਲਿਸ ਜਾਂਚ ‘ਚ ਲੱਗੀ ਹੋਈ ਹੈ।