ਬਟਾਲਾ : ਬਟਾਲਾ ਦੇ ਫਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਸੇਖਵਾਂ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬਿਨਾਂ ਮੁਕਾਬਲਾ ਚੋਣ ਜਿੱਤਣ ਤੋਂ ਬਾਅਦ ਜਦੋਂ ਨਵ-ਨਿਯੁਕਤ ਸਰਪੰਚ ਸੁਖਦੀਪ ਕੌਰ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਪਿੰਡ ਪੁੱਜੇ ਤਾਂ ਰਿਸ਼ਤੇਦਾਰਾਂ ਨਾਲ ਹੱਥੋਪਾਈ ਹੋ ਗਈ। ਇਸ ਦੌਰਾਨ ਨੌਜਵਾਨ ਜ਼ੋਰਾਵਰ ਸਿੰਘ ਦਾ ਗੁੱਟ ਕੱਟ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਪੁੱਜੇ ਲੜਕੇ ਦੇ ਪਿਤਾ ਅਤੇ ਪਿੰਡ ਵਾਸੀ ਨੇ ਦੱਸਿਆ ਕਿ ਵਿਰੋਧੀ ਧਿਰ ਦੇ ਸਿਆਸੀ ਦਬਾਅ ਕਾਰਨ ਉਸ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ ਅਤੇ ਬੀਤੀ ਰਾਤ ਉਨ੍ਹਾਂ ਦੇ ਘਰ ਅੱਗੇ ਡੀਜੇ ਵੀ ਵਜਾਇਆ ਸੀ। ਇਸ ਤੋਂ ਬਾਅਦ ਜਦੋਂ ਸਰਪੰਚ ਅਤੇ ਉਸ ਦੇ ਪਰਿਵਾਰਕ ਮੈਂਬਰ ਆਪਣੇ ਸਮਰਥਕਾਂ ਨਾਲ ਪਿੰਡ ਪਹੁੰਚੇ ਤਾਂ ਉਨ੍ਹਾਂ ਨੇ ਲੜਾਈ ਸ਼ੁਰੂ ਕਰ ਦਿੱਤੀ। ਇਨ੍ਹਾਂ ‘ਚੋਂ ਇਕ ਨੇ ਜ਼ੋਰਾਵਰ ਸਿੰਘ ਦਾ ਗੁੱਟ ਵੱਢ ਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਡਾਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਜ਼ਖਮੀ ਜ਼ੋਰਾਵਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸੂਚਨਾ ਥਾਣਾ ਸਦਰ ਨੂੰ ਦੇ ਦਿੱਤੀ ਗਈ ਹੈ। ਮਾਮਲਾ ਬਾਂਗਰ ਥਾਣਾ ਘਣੀਆ ਵਿਖੇ ਪਹੁੰਚ ਗਿਆ ਹੈ ਜਿੱਥੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।