ਪਟਿਆਲਾ : ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (RGNUL), ਪਟਿਆਲਾ ਵਿੱਚ ਵਿਦਿਆਰਥੀਆਂ ਅਤੇ ਵਾਈਸ ਚਾਂਸਲਰ (VC) ਵਿਚਕਾਰ ਗਰਮਾ-ਗਰਮ ਝਗੜਾ ਹੋਇਆ ਹੈ। ਦੱਸਿਆ ਗਿਆ ਹੈ ਕਿ ਵਿਦਿਆਰਥੀ ਭੁੱਖ ਹੜਤਾਲ ‘ਤੇ ਚਲੇ ਗਏ ਹਨ ਅਤੇ ਵਾਈਸ ਚਾਂਸਲਰ (ਵੀਸੀ) ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਦੋਸ਼ ਲਾਇਆ ਕਿ 17 ਦਿਨ ਬੀਤ ਜਾਣ ’ਤੇ ਵੀ ਇਸ ਮਾਮਲੇ ’ਤੇ ਕੋਈ ਕਾਰਵਾਈ ਨਹੀਂ ਹੋਈ।
ਦੱਸ ਦੇਈਏ ਕਿ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਦਾ ਦੌਰਾ ਕੀਤਾ ਸੀ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਵਾਈਸ ਚਾਂਸਲਰ ਨੂੰ ਹਟਾਉਣ ਲਈ ਕਿਹਾ। ਪੰਜਾਬ ਦੇ ਸੀ.ਐਮ ਮਾਨ ਨੇ ਵੀ ਇਸ ਮਾਮਲੇ ‘ਤੇ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਹ ਵਿਵਾਦ 22 ਸਤੰਬਰ ਨੂੰ ਸ਼ੁਰੂ ਹੋਇਆ ਸੀ। ਵਿਦਿਆਰਥਣਾਂ ਨੇ ਦੋਸ਼ ਲਾਇਆ ਸੀ ਕਿ ਉਪ ਕੁਲਪਤੀ ਨੇ ਲੜਕੀਆਂ ਦੇ ਹੋਸਟਲ ਦੀ ਚੈਕਿੰਗ ਕੀਤੀ ਹੈ। ਉਹ ਬਿਨਾਂ ਦੱਸੇ ਹੋਸਟਲ ਆ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਕੋਈ ਵੀ ਮਹਿਲਾ ਮੁਲਾਜ਼ਮ ਨਹੀਂ ਸੀ ਅਤੇ ਉਨ੍ਹਾਂ ਨੇ ਲੜਕੀਆਂ ਦੇ ਕੱਪੜਿਆਂ ‘ਤੇ ਟਿੱਪਣੀ ਵੀ ਕੀਤੀ।