ਮੁੰਬਈ : ਕਿਸ਼ੋਰ ਕੁਮਾਰ (Kishore Kumar) ਦੀ ਬਰਸੀ ਮੌਕੇ 13 ਅਕਤੂਬਰ ਨੂੰ ਖੰਡਵਾ ਦੇ ਪੁਲਿਸ ਪਰੇਡ ਗਰਾਊਂਡ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਅਜਿਹੇ ‘ਚ ਮੱਧ ਪ੍ਰਦੇਸ਼ ਸਰਕਾਰ ਨੇ ਮਹਾਨ ਪਲੇਬੈਕ ਸਿੰਗਰ ਕਿਸ਼ੋਰ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਬਾਲੀਵੁੱਡ ਫਿਲਮਕਾਰ ਰਾਜਕੁਮਾਰ ਹਿਰਾਨੀ ਨੂੰ ਵੱਕਾਰੀ ਕਿਸ਼ੋਰ ਕੁਮਾਰ ਐਵਾਰਡ 2024 ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ।
ਰਾਜਕੁਮਾਰ ਹਿਰਾਨੀ ਭਾਰਤੀ ਸਿਨੇਮਾ ਦੇ ਸਭ ਤੋਂ ਵਧੀਆ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਹਮੇਸ਼ਾ ਆਪਣੀਆਂ ਫਿਲਮਾਂ ਰਾਹੀਂ ਸਮਾਜਿਕ ਮੁੱਦਿਆਂ ਨੂੰ ਉਜਾਗਰ ਕੀਤਾ ਹੈ, ਜਿਵੇਂ ਕਿ 3 ਇਡੀਅਟਸ, ਪੀਕੇ, ਸੰਜੂ, ਮੁੰਨਾ ਭਾਈ ਐਮ.ਬੀ.ਬੀ.ਐਸ ਅਤੇ ਡੌਂਕੀ।
ਸਾਲਾਂ ਦੌਰਾਨ, ਅਮਿਤਾਭ ਬੱਚਨ, ਮਨੋਜ ਕੁਮਾਰ, ਦਿਲੀਪ ਕੁਮਾਰ, ਧਰਮਿੰਦਰ ਅਤੇ ਸ਼ਤਰੂਘਨ ਸਿਨਹਾ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੂੰ ਕਿਸ਼ੋਰ ਕੁਮਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਕਿਸ਼ੋਰ ਕੁਮਾਰ ਦਾ ਜਨਮ ਮੱਧ ਪ੍ਰਦੇਸ਼ ਦੇ ਖੰਡਵਾ ਵਿੱਚ ਹੋਇਆ ਸੀ। ਉਹ ਭਾਰਤੀ ਸਿਨੇਮਾ ਦੇ ਮਸ਼ਹੂਰ ਪਲੇਬੈਕ ਗਾਇਕਾਂ ਵਿੱਚੋਂ ਇੱਕ ਰਹੇ ਹਨ। ਉਹ ਇੱਕ ਚੰਗੇ ਅਦਾਕਾਰ ਵਜੋਂ ਵੀ ਜਾਣੇ ਜਾਂਦੇ ਹਨ। ਹਿੰਦੀ ਫਿਲਮ ਉਦਯੋਗ ਵਿੱਚ, ਉਨ੍ਹਾਂ ਨੇ ਬੰਗਾਲੀ, ਹਿੰਦੀ, ਮਰਾਠੀ, ਅਸਾਮੀ, ਗੁਜਰਾਤੀ, ਕੰਨੜ, ਭੋਜਪੁਰੀ, ਮਲਿਆਲਮ, ਉੜੀਆ ਅਤੇ ਉਰਦੂ ਸਮੇਤ ਕਈ ਭਾਰਤੀ ਭਾਸ਼ਾਵਾਂ ਵਿੱਚ ਗਾਇਆ ਸੀ।