ਫਰੀਦਾਬਾਦ : ਹਰਿਆਣਾ ‘ਚ ਚੋਣਾਂ (The Election) ਦੇ ਮੱਦੇਨਜ਼ਰ ਫਰੀਦਾਬਾਦ ਤੋਂ ਟਕਰਾਅ ਅਤੇ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਦਰਅਸਲ, ਖੇੜੀਪੁਲ ਥਾਣਾ ਖੇਤਰ ਦੀ ਭਾਰਤ ਕਾਲੋਨੀ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਭਾਜਪਾ ਉਮੀਦਵਾਰ ਵਿਪੁਲ ਗੋਇਲ (BJP Candidate Vipul Goyal) ਦੇ ਇੱਕ ਸਮਰਥਕ ਨੂੰ ਗੋਲੀ ਮਾਰ ਦਿੱਤੀ। ਨੌਜਵਾਨ ਦਾ ਨਾਂ ਰਜਨੀਸ਼ ਦੱਸਿਆ ਜਾ ਰਿਹਾ ਹੈ, ਜੋ ਵੋਟਿੰਗ ਖਤਮ ਹੋਣ ਤੋਂ ਬਾਅਦ ਭਾਰਤ ਕਾਲੋਨੀ ਸਥਿਤ ਪੋਲਿੰਗ ਬੂਥ ਤੋਂ ਆਪਣੇ ਘਰ ਜਾ ਰਿਹਾ ਸੀ ਕਿ ਇਸੇ ਦੌਰਾਨ ਬਾਈਕ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਕ ਨੌਜਵਾਨ ਦੀ ਪਿੱਠ ‘ਚ ਗੋਲੀ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਬੀਤੀ ਸ਼ਾਮ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਭਾਜਪਾ ਉਮੀਦਵਾਰ ਵਿਪੁਲ ਗੋਇਲ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਨੌਜਵਾਨ ਨੂੰ ਭਾਰਤੀ ਜਨਤਾ ਪਾਰਟੀ ਦਾ ਵਰਕਰ ਦੱਸਿਆ। ਉਨ੍ਹਾਂ ਕਿਹਾ ਕਿ ਜੋ ਵੀ ਹੋਇਆ ਉਹ ਮੰਦਭਾਗਾ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾ ਸਕੇ। ਲੋਕਾਂ ਮੁਤਾਬਕ ਵੋਟਿੰਗ ਦੌਰਾਨ ਬੂਥ ‘ਤੇ ਹੀ ਰਜਨੀਸ਼ ਦੀ ਵਿਰੋਧੀ ਕੈਂਪ ਦੇ ਵਰਕਰਾਂ ਨਾਲ ਬਹਿਸ ਹੋ ਗਈ। ਸ਼ੱਕ ਹੈ ਕਿ ਇਸੇ ਰੰਜਿਸ਼ ਕਾਰਨ ਉਸ ਨੂੰ ਗੋਲੀ ਮਾਰੀ ਗਈ ਹੈ।