ਸਿਰਸਾ : ਹਰਿਆਣਾ ਵਿਧਾਨ ਸਭਾ ਚੋਣਾਂ (The Haryana Assembly Elections) ਲਈ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ (The Sirsa District Administration) ਨੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਸਿਰਸਾ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ਏਲਨਾਬਾਦ, ਕਾਲਾਂਵਾਲੀ, ਰਾਣੀਆਂ, ਡੱਬਵਾਲੀ ਅਤੇ ਸਿਰਸਾ ਲਈ ਪ੍ਰਸ਼ਾਸਨ ਨੇ ਪੋਲਿੰਗ ਪਾਰਟੀਆਂ ਭੇਜ ਦਿੱਤੀਆਂ ਹਨ।
ਪੋਲਿੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ 2500 ਪੁਲਿਸ ਮੁਲਾਜ਼ਮਾਂ ਦੇ ਨਾਲ ਨੀਮ ਫ਼ੌਜੀ ਬਲ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸੇ ਸਰਹੱਦੀ ਖੇਤਰ ਵਿੱਚ 16 ਨਾਕੇ ਲਗਾਏ ਗਏ ਹਨ ਜਿੱਥੇ ਜ਼ਿਲ੍ਹੇ ਵਿੱਚ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ।
ਪੋਲਿੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 996 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 10 ਲੱਖ 60115 ਵੋਟਰ ਆਪਣੀ ਵੋਟ ਪਾਉਣਗੇ ਜਦਕਿ ਪਹਿਲੀ ਵਾਰ ਵੋਟਰਾਂ ਦੀ ਗਿਣਤੀ 25138 ਹੈ। ਸੁਰੱਖਿਆ ਨੂੰ ਲੈ ਕੇ ਪੁਲਿਸ ਵੱਲੋਂ 40 ਪੈਟਰੋਪੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ ਜੋ 24 ਘੰਟੇ ਪੂਰੇ ਜ਼ਿਲ੍ਹੇ ‘ਤੇ ਨਜ਼ਰ ਰੱਖਣਗੀਆਂ ।
ਏਲਨਾਬਾਦ ਦੇ ਐਸ.ਡੀ.ਐਮ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੋਲਿੰਗ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਪੋਲਿੰਗ ਏਜੰਟਾਂ ਨੂੰ ਈ.ਵੀ.ਐਮ. ਮਸ਼ੀਨਾਂ ਨਾਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਬੂਥ ‘ਤੇ ਵੈਬ ਕਾਸਟਿੰਗ ਕੀਤੀ ਜਾਵੇਗੀ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ, ਉਥੇ ਹੀ ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪੋਲਿੰਗ ਕਰਵਾਉਣ ਲਈ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।