ਨੇਪਾਲ: ਨੇਪਾਲ ਦੇ ਤਰਾਈ ਖੇਤਰਾਂ ‘ਚ ਭਾਰੀ ਮੀਂਹ (Heavy Rains) ਕਾਰਨ ਉੱਤਰ ਪ੍ਰਦੇਸ਼ ਅਤੇ ਬਿਹਾਰ ‘ਚ ਹੜ੍ਹ ਦਾ ਖਤਰਾ ਵਧ ਗਿਆ ਹੈ। UP-ਬਿਹਾਰ ਦੇ ਕਈ ਇਲਾਕਿਆਂ ‘ਚ ਨਦੀਆਂ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਅਗਲੇ 48 ਘੰਟਿਆਂ ‘ਚ ਭਿਆਨਕ ਤਬਾਹੀ ਹੋਣ ਦੀ ਸੰਭਾਵਨਾ ਹੈ। ਕੋਸੀ ਅਤੇ ਗੰਡਕ ਨਦੀਆਂ ਦੇ ਕੰਢੇ ਸਥਿਤ ਬਿਹਾਰ ਦੇ 13 ਜ਼ਿਲ੍ਹਿਆਂ ਵਿੱਚ ਹਾਈ ਅਲਰਟ ਘੋਸ਼ਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ 45 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਕੋਸੀ ਅਤੇ ਗੰਡਕ ਵਿੱਚ ਰਿਕਾਰਡ ਜਲ ਪੱਧਰ ਦਾ ਖ਼ਤਰਾ
ਕੋਸੀ ਨਦੀ ਵਿੱਚ ਇਸ ਵਾਰ 56 ਸਾਲਾਂ ਬਾਅਦ 6.81 ਲੱਖ ਕਿਊਸਿਕ ਪਾਣੀ ਆਉਣ ਦੀ ਸੰਭਾਵਨਾ ਹੈ, ਜਦੋਂ ਕਿ 21 ਸਾਲਾਂ ਬਾਅਦ ਗੰਡਕ ਨਦੀ ਵਿੱਚ 6 ਲੱਖ ਕਿਊਸਿਕ ਤੋਂ ਵੱਧ ਪਾਣੀ ਆਉਣ ਦੀ ਸੰਭਾਵਨਾ ਹੈ। ਪਿਛਲੀ ਵਾਰ 1968 ‘ਚ ਰਿਕਾਰਡ 7.88 ਲੱਖ ਕਿਊਸਿਕ ਪਾਣੀ ਕੋਸੀ ‘ਚ ਆਇਆ ਸੀ, ਜਿਸ ਨਾਲ ਭਿਆਨਕ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਸੀ।
ਸੁਪੌਲ ਦੇ ਡੀ.ਐਮ ਨੇ ਕੋਸੀ ਸੀਮਾਂਚਲ ਖੇਤਰਾਂ ਵਿੱਚ 48 ਘੰਟਿਆਂ ਦਾ ਹਾਈ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸਾਰੇ ਅਧਿਕਾਰੀਆਂ ਅਤੇ ਇੰਜੀਨੀਅਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕੰਢਿਆਂ ਦੀ 24 ਘੰਟੇ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
UP ਦੇ 45 ਜ਼ਿਲ੍ਹਿਆਂ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ
ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪੂਰਵਾਂਚਲ ਦੇ 45 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਮਹਾਰਾਜਗੰਜ, ਕੁਸ਼ੀਨਗਰ, ਬਹਿਰਾਇਚ, ਬਲਰਾਮਪੁਰ, ਸਿਧਾਰਥਨਗਰ ਅਤੇ ਗੋਂਡਾ ਵਰਗੇ ਜ਼ਿਲ੍ਹੇ ਸ਼ਾਮਲ ਹਨ। ਬਲਰਾਮਪੁਰ ਦੇ 600 ਪਿੰਡ ਹਨੇਰੇ ਵਿੱਚ ਡੁੱਬ ਗਏ ਹਨ ਅਤੇ ਗਾਜ਼ੀਪੁਰ, ਸੀਤਾਪੁਰ ਅਤੇ ਅਯੁੱਧਿਆ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਉੱਚੇ ਇਲਾਕਿਆਂ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ ਦਰਜ ਕੀਤੀ ਗਈ ਹੈ। ਗੁਲਮਰਗ ਅਤੇ ਸੋਨਮਰਗ ‘ਚ ਬਰਫਬਾਰੀ ਹੋ ਰਹੀ ਹੈ, ਜਦਕਿ ਜੰਮੂ ਦੇ ਕੁਝ ਇਲਾਕਿਆਂ ‘ਚ ਵੀ ਬਰਫਬਾਰੀ ਹੋਣ ਦੀ ਸੂਚਨਾ ਮਿਲੀ ਹੈ।
ਮੁੰਬਈ ਵਿੱਚ ਹਾਈ ਟਾਈਡ ਅਲਰਟ
ਮੁੰਬਈ ‘ਚ ਮੀਂਹ ਦੇ ਵਿਚਕਾਰ ਮੌਸਮ ਵਿਭਾਗ ਨੇ ਹਾਈ ਟਾਈਡ ਅਲਰਟ ਜਾਰੀ ਕੀਤਾ ਹੈ। ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਜਿਵੇਂ ਧੂਲੇ, ਨੰਦੂਰਬਾਰ, ਜਲਗਾਓਂ, ਅਕੋਲਾ, ਅਮਰਾਵਤੀ ਅਤੇ ਬੁਲਢਾਨਾ ਲਈ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੁੰਬਈ ‘ਚ ਅਗਲੇ ਪੰਜ ਦਿਨਾਂ ਤੱਕ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।