ਪੇਰੀ : ਅਮਰੀਕਾ ਦੇ ਦੱਖਣ-ਪੂਰਬੀ ਖੇਤਰ ਅਤੇ ਫਲੋਰੀਡਾ ‘ਚ ਹਰੀਕੇਨ ‘ਹੇਲੇਨ’ (Hurricane Helen) ਤੂਫਾਨ ਦੇ ਕਾਰਨ ਆਏ ਹੜ੍ਹ ਅਤੇ ਇਸ ਨਾਲ ਸਬੰਧਤ ਘਟਨਾਵਾਂ ‘ਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਹੈ। ਤੂਫ਼ਾਨ ‘ਹੇਲੇਨ’ ਨੇ ਇਲਾਕੇ ਵਿੱਚ ਵਿਆਪਕ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਕਈ ਦਰੱਖਤ ਉਖੜ ਗਏ ਹਨ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਤੂਫਾਨ ਕਾਰਨ ਇਕ ਘਰ ‘ਤੇ ਦਰੱਖਤ ਡਿੱਗਣ ਨਾਲ ਉਥੇ ਰਹਿਣ ਵਾਲੀ ਇਕ ਔਰਤ, ਉਸ ਦੇ ਇਕ ਮਹੀਨੇ ਦੇ ਜੁੜਵਾ ਬੱਚੇ ਅਤੇ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਰਾਹਤ ਕਾਰਜਾਂ ਦੌਰਾਨ ਤਿੰਨ ਫਾਇਰ ਫਾਈਟਰਾਂ ਦੀ ਵੀ ਮੌਤ ਹੋ ਗਈ। ਗਣਨਾ ਅਨੁਸਾਰ ਤੂਫਾਨ ‘ਹੇਲੇਨ’ ਕਾਰਨ ਫਲੋਰੀਡਾ, ਜਾਰਜੀਆ, ਉੱਤਰੀ ਕੈਰੋਲੀਨਾ ਅਤੇ ਵਰਜੀਨੀਆ ਵਿੱਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਹੈ।
ਹੇਲੇਨ ਤੂਫਾਨ ਕਾਰਨ ਦੱਖਣੀ ਜਾਰਜੀਆ ਦੇ ਕੁਝ ਹਸਪਤਾਲਾਂ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਹੈ। ਤੂਫਾਨ ‘ਹੇਲੇਨ’ ਵੀਰਵਾਰ ਦੇਰ ਰਾਤ ਫਲੋਰੀਡਾ ਦੇ ਬਿਗ ਬੇਂਡ ਪਿੰਡ ਨਾਲ ਟਕਰਾ ਗਿਆ। ਉਸ ਦੌਰਾਨ ਤੂਫਾਨ ਦੀ ਵੱਧ ਤੋਂ ਵੱਧ ਰਫ਼ਤਾਰ 225 ਕਿਲੋਮੀਟਰ ਪ੍ਰਤੀ ਘੰਟਾ ਸੀ। ਮੂਡੀਜ਼ ਐਨਾਲਿਿਟਕਸ ਨੇ ਕਿਹਾ ਕਿ ਤੂਫਾਨ ਕਾਰਨ 15 ਤੋਂ 26 ਅਰਬ ਅਮਰੀਕੀ ਡਾਲਰ ਦੀ ਸੰਪਤੀ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।