ਜਲੰਧਰ : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਵਧੀਕ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਨੇ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਕੇ ਉਸ ਦੀ ਲਾਸ਼ ਨੂੰ ਰੇਤ ਦੀਆਂ ਬੋਰੀਆਂ ਹੇਠ ਦੱਬਣ ਦੇ ਦੋਸ਼ ਹੇਠ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਸ਼ ਸਾਬਤ ਹੋਣ ‘ਤੇ ਦੋਸ਼ੀ ਗੁਰਪ੍ਰੀਤ ਗੋਪੀ ਵਾਸੀ ਰੁੜਕੀ ਨੂੰ ਫਾਂਸੀ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਸਾਲ 2021 ਵਿੱਚ ਥਾਣਾ ਗੁਰਾਇਆ ਵਿੱਚ ਮੁਲਜ਼ਮ ਖ਼ਿਲਾਫ਼ ਐਫ.ਆਈ.ਆਰ ਨੰਬਰ 23 ਦਰਜ ਕੀਤੀ ਗਈ ਸੀ। ਜਿਸ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ 13 ਸਾਲਾ ਲੜਕੀ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਦੋਸ਼ੀ ਉਸ ਨੂੰ ਆਪਣੇ ਘਰ ਲੈ ਗਿਆ। ਇਸ ਦੌਰਾਨ ਉਸ ਨੇ ਬੱਚੀ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਦੇ ਸਿਰ ‘ਤੇ ਹਥੌੜੇ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਨੀਅਤ ਨਾਲ ਰੇਤ ਦੀਆਂ ਬੋਰੀਆਂ ਹੇਠਾਂ ਦੱਬ ਦਿੱਤਾ। ਪੁਲਿਸ ਨੇ ਲੜਕੀ ਦੀ ਲਾਸ਼ ਅਤੇ ਉਸ ਦੇ ਘਰੋਂ ਹਥੌੜਾ ਬਰਾਮਦ ਕੀਤਾ ਸੀ। ਹਥੌੜੇ ‘ਤੇ ਖੂਨ ਲੱਗ ਗਿਆ ਸੀ, ਜਿਸ ਤੋਂ ਬਾਅਦ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ, ਜਦਕਿ ਇਸ ਮਾਮਲੇ ‘ਚ ਗੁਰਪ੍ਰੀਤ ਗੋਪੀ ਦੇ ਚਾਚੇ ਦੇ ਲੜਕੇ ਵਿਕਾਸ ਨੂੰ ਪਹਿਲਾਂ ਹੀ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।