ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (The National Investigation Agency),(ਐੱਨ.ਆਈ.ਏ.) ਨੇ ਜੂਨ ‘ਚ ਸ਼ਿਵ ਖੋੜੀ ਮੰਦਰ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ‘ਤੇ ਹੋਏ ਘਾਤਕ ਅੱਤਵਾਦੀ ਹਮਲੇ ਦੀ ਜਾਂਚ ਦੇ ਹਿੱਸੇ ਵਜੋਂ ਅੱਜ ਯਾਨੀ ਸ਼ੁੱਕਰਵਾਰ ਨੂੰ ਰਾਜੌਂਰੀ ਅਤੇ ਰਿਆਸੀ ਜ਼ਿਲ੍ਹਿਆਂ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਐਨ.ਆਈ.ਏ. ਦੇ ਅਧਿਕਾਰੀ ਜੰਮੂ-ਕਸ਼ਮੀਰ ‘ਚ ਸੱਤ ਥਾਵਾਂ ‘ਤੇ ਛਾਪੇਮਾਰੀ ਕਰ ਰਹੇ ਹਨ।
ਅੱਤਵਾਦੀਆਂ ਵੱਲੋਂ 9 ਜੂਨ ਨੂੰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਗੋਲੀਬਾਰੀ ਕਰਨ ਨਾਲ ਜੰਮੂ-ਕਸ਼ਮੀਰ ਤੋਂ ਬਾਹਰੋਂ ਆਏ 7 ਸ਼ਰਧਾਲੂਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 41 ਹੋਰ ਜ਼ਖਮੀ ਹੋ ਗਏ ਸਨ। ਅੰਨ੍ਹੇਵਾਹ ਗੋਲੀਬਾਰੀ ਕਾਰਨ ਸ਼ਿਵ ਖੋੜੀ ਮੰਦਰ ਤੋਂ ਕਟੜਾ ਜਾ ਰਹੀ ਬੱਸ ਰਿਆਸੀ ਦੇ ਪੌਣੀ ਇਲਾਕੇ ਦੇ ਪਿੰਡ ਤੇਰਾਇਥ ਨੇੜੇ ਸੜਕ ਤੋਂ ਤਿਲਕ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਰਾਜਸਥਾਨ ਦੇ ਦੋ ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ ।
ਗ੍ਰਹਿ ਮੰਤਰੀ ਨੇ ਇਸ ਅੱਤਵਾਦੀ ਹਮਲੇ ਦੀ ਜਾਂਚ ਦੀ ਜ਼ਿੰਮੇਵਾਰੀ 17 ਜੂਨ ਨੂੰ ਐਨ.ਆਈ.ਏ. ਨੂੰ ਸੌਂਪੀ ਸੀ। ਇਸ ਮਾਮਲੇ ਵਿੱਚ ਹੁਣ ਤੱਕ ਰਾਜੌਂਰੀ ਦੇ ਇੱਕ ਵਿਅਕਤੀ ਹਾਕਮ ਖਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ ‘ਤੇ ਅੱਤਵਾਦੀਆਂ ਨੂੰ ਭੋਜਨ, ਪਨਾਹ ਅਤੇ ਰਸਦ ਮੁਹੱਈਆ ਕਰਵਾਇਆ ਸੀ ਅਤੇ ਹਮਲੇ ਤੋਂ ਪਹਿਲਾਂ ਇਲਾਕੇ ਦਾ ਸਰਵੇਖਣ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ, ਅਧਿਕਾਰੀਆਂ ਨੇ ਦੱਸਿਆ ਕਿ ਐਨ.ਆਈ.ਏ. ਦੀਆਂ ਕਈ ਟੀਮਾਂ ਅੱਜ ਤੋਂ ਹੀ ਸ਼ਿਵ ਖੋੜੀ ਅੱਤਵਾਦੀ ਹਮਲੇ ਦੇ ਸਿਲਸਿਲੇ ‘ਚ ਰਾਜੌਂਰੀ ਅਤੇ ਰਿਆਸੀ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਚੱਲ ਰਹੀ ਹੈ ਅਤੇ ਵਿਸਥਾਰਤ ਜਾਣਕਾਰੀ ਦੀ ਉਡੀਕ ਹੈ।
ਐਨ.ਆਈ.ਏ. ਨੇ 30 ਜੂਨ ਨੂੰ ‘ਹਾਈਬ੍ਰਿਡ’ ਅੱਤਵਾਦੀਆਂ ਅਤੇ ਉਨ੍ਹਾਂ ਦੇ ‘ਓਵਰਗਰਾਉਂਡ ਵਰਕਰਾਂ’ ਨਾਲ ਜੁੜੇ ਰਾਜੌਂਰੀ ਦੇ ਪੰਜ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਸੀ। ‘ਹਾਈਬ੍ਰਿਡ’ ਅੱਤਵਾਦੀਆਂ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਆਮ ਲੋਕਾਂ ਵਿਚ ਆਮ ਜ਼ਿੰਦਗੀ ਜੀਉਂਦੇ ਹਨ ਅਤੇ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੁੰਦਾ ਹੈ, ਜਦੋਂ ਕਿ ‘ਓਵਰ ਗਰਾਊਂਡ ਵਰਕਰ’ ਉਹ ਵਿਅਕਤੀ ਹੁੰਦੇ ਹਨ ਜੋ ਅੱਤਵਾਦੀ ਸੰਗਠਨਾਂ ਲਈ ਗੁਪਤ ਤੌਰ ‘ਤੇ ਕੰਮ ਕਰਦੇ ਹਨ।